ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਸੰਗਰੂਰ ਤੋਂ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਮਾਨ ਅਤੇ ‘ਆਪ’ ਦੀ ਪੰਜਾਬ ਇਕਾਈ ਦੇ ਮੁਖੀ ਦਾ ਐਲਾਨ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ।

 

'ਆਪ' ਦੇ ਐਲਾਨ ਤੋਂ ਤੁਰੰਤ ਬਾਅਦ ਪੰਜਾਬ ਯੂਥ ਕਾਂਗਰਸ ਨੇ ਇੱਕ ਵੀਡੀਓ ਟਵੀਟ ਕੀਤਾ ਹੈ। ਭਗਵੰਤ ਮਾਨ ਨੂੰ 'ਪੈਗਵੰਤ ਮਾਨ' ਦੱਸਦਿਆਂ ਕਾਂਗਰਸ ਨੇ ਕਈ ਕਲਿੱਪਾਂ ਨੂੰ ਮਿਲਾ ਕੇ ਵੀਡੀਓ ਬਣਾਈ ਹੈ। ਮਾਨ ਨੂੰ 'ਸ਼ਰਾਬੀ' ਦੱਸਦਿਆਂ 'ਆਪ' ਦੀ ਚੋਣ 'ਤੇ ਤੰਜ ਕਸਿਆ ਹੈ। ਇਸ ਦੇ ਕੁਝ ਹੀ ਦੇਰ 'ਚ 'ਆਪ' ਵੱਲੋਂ ਜਵਾਬੀ ਵੀਡੀਓ ਆ ਗਈ।

 

ਇਸ ਵੀਡੀਓ 'ਚ 'ਆਪ' ਨੇ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰੀ ਨੂੰ ਲੈ ਕੇ ਕਾਂਗਰਸ 'ਚ ਚੱਲ ਰਹੇ ਵਿਵਾਦ ਦਾ ਮਜ਼ਾਕ ਉਡਾਇਆ ਹੈ। ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਖਿੱਚੋਤਾਣ ਦਾ ਹਵਾਲਾ ਦਿੰਦੇ ਹੋਏ 'ਆਪ' ਨੇ ਦਿਖਾਇਆ ਕਿ ਮੁੱਖ ਮੰਤਰੀ ਦੀ ਕੁਰਸੀ ਮਾਨ ਕੋਲ ਜਾ ਰਹੀ ਹੈ।

 

ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ, ਕੁੱਝ ਲੋਕਾਂ ਨੇ ਮੁੱਖ ਮੰਤਰੀ ਲਈ ਮੇਰਾ ਨਾਂ  ਪਾ ਦਿੱਤਾ। 93.3 ਫੀਸਦੀ ਲੋਕਾਂ ਨੇ ਸਰਦਾਰ ਭਗਵੰਤ ਮਾਨ ਨੂੰ ਪਸੰਦ ਕੀਤਾ ਹੈ। ਆਮ ਆਦਮੀ ਪਾਰਟੀ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਐਲਾਨਿਆ ਗਿਆ ਹੈ। ਕੇਜਰੀਵਾਲ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਮੁੱਖ ਮੰਤਰੀ ਅਹੁਦੇ ਲਈ ਭਗਵੰਤ ਮਾਨ ਹੀ ਉਨ੍ਹਾਂ ਦੀ ਪਸੰਦ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਿੰਨ ਫੀਸਦੀ ਲੋਕਾਂ ਨੇ ਸਿੱਧੂ ਦਾ ਨਾਂ ਵੀ ਲਿਆ ਸੀ।