Punjab Election 2022: ਚੋਣ ਕਮਿਸ਼ਨ ਵੱਲੋਂ ਤਰੀਕਾਂ ਦੇ ਐਲਾਨ ਤੋਂ ਬਾਅਦ ਪੰਜਾਬ 'ਚ ਸਿਆਸੀ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ। ਸਿਆਸੀ ਪਾਰਟੀਆਂ ਉਮੀਦਵਾਰਾਂ ਦੀ ਚੋਣ 'ਚ ਰੁੱਝੀਆਂ ਹੋਈਆਂ ਹਨ ਪਰ ਕਿਸਾਨ ਸਿਆਸਤ ਤੋਂ ਪਾਰਲੀਮਾਨੀ ਸਿਆਸਤ 'ਚ ਆਈਆਂ ਪਾਰਟੀਆਂ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਦੱਸਿਆ ਜਾ ਰਿਹਾ ਹੈ ਕਿ ਗੁਰਨਾਮ ਸਿੰਘ ਚੜੂਨੀ ਦੀ ਸੰਯੁਕਤ ਸੰਘਰਸ਼ ਪਾਰਟੀ (ਐਸਐਸਪੀ) ਤੇ ਬਲਵੀਰ ਸਿੰਘ ਰਾਜੇਵਾਲ ਦਾ ਸਾਂਝਾ ਸਮਾਜ ਮੋਰਚਾ (ਐਸਐਸਐਮ) 'ਚ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੀ ਗੱਲਬਾਤ ਰੁਕ ਗਈ ਹੈ।

ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਨਾਲ ਕਿਸਾਨ ਜਥੇਬੰਦੀਆਂ ਨੂੰ ਵੱਡਾ ਨੁਕਸਾਨ ਹੋਏਗਾ। ਦੋ-ਦੋ ਉਮੀਦਵਾਰ ਖੜ੍ਹੇ ਹੋਣ ਨਾਲ ਵੋਟ ਵੰਡੇ ਜਾਣਗੇ। ਇਸ ਤੋਂ ਇਲਾਵਾ ਕਿਸਾਨ ਲੀਡਰਾਂ ਉੱਪਰ ਸਵਾਲ ਵੀ ਖੜ੍ਹੇ ਹੋਣਗੇ ਕਿ ਉਹ ਸਿਆਸੀ ਲਾਲਸਾ ਕਰਕੇ ਆਪਸ ਵਿੱਚ ਵੀ ਇਕੱਠੇ ਨਹੀਂ ਰਹਿ ਸਕੇ।

ਗੱਲਬਾਤ ਕਿਉਂ ਰੁਕੀ?
ਸੰਯੁਕਤ ਸੰਘਰਸ਼ ਪਾਰਟੀ (ਐਸਐਸਪੀ) ਦੇ ਚੜੂਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ 25 ਸੀਟਾਂ ਦੀ ਮੰਗ ਕੀਤੀ ਸੀ ਪਰ ਸਾਂਝਾ ਮੋਰਚਾ ਉਨ੍ਹਾਂ ਨੂੰ ਤੇ ਉਸ ਨਾਲ ਜੁੜੀਆਂ ਹੋਰ ਕਿਸਾਨ-ਮਜ਼ਦੂਰ ਜਥੇਬੰਦੀਆਂ ਨੂੰ ਸਿਰਫ਼ 9 ਸੀਟਾਂ ਹੀ ਦੇ ਰਿਹਾ ਹੈ। ਉਨ੍ਹਾਂ ਕਿਹਾ, "ਉਹ ਸਾਨੂੰ ਸਿਰਫ਼ 9 ਸੀਟਾਂ ਦੇ ਰਹੇ ਹਨ। ਮੈਂ ਰਾਜੇਵਾਲ ਤੋਂ ਘੱਟੋ-ਘੱਟ 25 ਸੀਟਾਂ ਦੇਣ ਦੀ ਮੰਗ ਕੀਤੀ ਸੀ, ਜਾਂ ਤਾਂ ਉਹ ਸਾਨੂੰ ਓਨੀਆਂ ਸੀਟਾਂ ਦੇਣ, ਜਿੰਨੀਆਂ ਅਸੀਂ ਮੰਗ ਰਹੇ ਹਾਂ ਜਾਂ ਅਸੀਂ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ।"

SSM ਨੇ ਪਹਿਲਾਂ ਸੀਟ ਵੰਡ 'ਤੇ ਚਰਚਾ ਕਰਨ ਲਈ ਸੰਯੁਕਤ ਸੰਘਰਸ਼ ਪਾਰਟੀ ਨਾਲ ਇੱਕ ਕਮੇਟੀ ਬਣਾਈ ਸੀ। ਚੜੂਨੀ ਨੇ 9 ਜਨਵਰੀ ਨੂੰ ਸੀਟ ਵੰਡ ਦੇ ਮੁੱਦੇ 'ਤੇ ਚਰਚਾ ਕੀਤੀ ਸੀ। ਇਸ ਗੱਲਬਾਤ ਤੋਂ ਬਾਅਦ ਉਨ੍ਹਾਂ ਆਪਣੇ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਦਾ ਪ੍ਰੋਗਰਾਮ ਰੋਕ ਦਿੱਤਾ।

SSM 'ਤੇ SSK 'ਤੇ ਕੀ ਲਗਾਏ ਦੋਸ਼?
ਹਰਿਆਣਾ ਦੇ ਰਹਿਣ ਵਾਲੇ ਚੜੂਨੀ ਨੇ ਇੱਕ ਵੀਡੀਓ 'ਚ ਕਿਹਾ ਕਿ ਉਨ੍ਹਾਂ ਨੇ 25 ਸੀਟਾਂ ਦੀ ਮੰਗ ਕੀਤੀ ਸੀ, ਪਰ ਐਸਐਸਐਮ ਨੇ ਪਹਿਲਾਂ 5 ਸੀਟਾਂ ਦੇਣ ਦਾ ਪ੍ਰਸਤਾਵ ਰੱਖਿਆ। ਬਾਅਦ 'ਚ ਉਹ ਐਸਐਸਕੇ ਤੇ ਇਸ ਨਾਲ ਜੁੜੇ ਕਿਸਾਨ-ਮਜ਼ਦੂਰ ਸੰਗਠਨਾਂ ਨੂੰ 9 ਸੀਟਾਂ ਦੇਣ ਲਈ ਸਹਿਮਤ ਹੋ ਗਈ।

SSK ਨਾਲ ਸਾਂਝਾ ਸੁਨਹਿਰਾ ਪੰਜਾਬ
ਐਸਐਸਕੇ ਨਾਲ ਪੰਜਾਬ ਕਿਸਾਨ ਦਲ, ਯੂਨਾਈਟਿਡ ਰਿਪਬਲਿਕ ਪਾਰਟੀ, ਟੈਕਸੀ ਯੂਨੀਅਨ ਪੰਜਾਬ ਤੇ ਭਾਰਤੀ ਰਿਪਬਲਿਕ ਪਾਰਟੀ ਜੁੜੀਆਂ ਹਨ। ਚੜੂਨੀ ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਹਨ।

ਚੜੂਨੀ ਨੇ ਕਿਹਾ ਹੈ, "ਅਸੀਂ ਪਿਛਲੇ 6 ਮਹੀਨਿਆਂ ਤੋਂ ਪੰਜਾਬ ਚੋਣਾਂ ਦੀ ਤਿਆਰੀ ਕਰ ਰਹੇ ਹਾਂ। ਸਾਡੇ ਕੋਲ ਕਰੀਬ 50 ਸੀਟਾਂ 'ਤੇ ਉਮੀਦਵਾਰ ਹਨ। ਉਹ (ਰਾਜੇਵਾਲ ਧੜਾ) ਸੰਯੁਕਤ ਸਮਾਜ ਮੋਰਚਾ ਦੇ ਗਠਨ ਤੋਂ ਲੈ ਕੇ ਹੁਣ ਤੱਕ ਸਾਨੂੰ ਨਜ਼ਰਅੰਦਾਜ਼ ਕਰਦੇ ਆ ਰਹੇ ਹਨ, ਜਦਕਿ ਅਸੀਂ ਇਕੱਠੇ ਚੋਣ ਲੜਨਾ ਚਾਹੁੰਦੇ ਸੀ।"

ਨਰਿੰਦਰ ਮੋਦੀ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ 3 ਸਰਹੱਦਾਂ 'ਤੇ ਧਰਨੇ ਦਿੱਤੇ। ਕਿਸਾਨਾਂ ਦੇ ਰੋਸ ਅੱਗੇ ਝੁਕਦਿਆਂ ਕੇਂਦਰ ਸਰਕਾਰ ਨੇ ਪਿਛਲੇ ਸਾਲ 19 ਨਵੰਬਰ ਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਦਿੱਲੀ ਦੀ ਸਰਹੱਦ 'ਤੇ ਕਿਸਾਨਾਂ ਦਾ ਧਰਨਾ ਖ਼ਤਮ ਹੋ ਗਿਆ। ਇਸ ਮਗਰੋਂ ਪੰਜਾਬ ਦੇ ਕਿਸਾਨਾਂ ਨੇ ਆਪਣੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904