ਲੁਧਿਆਣਾ : ਲੋਕ ਇਨਸਾਫ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 24 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਬੈਂਸ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ,ਸਿਮਰਜੀਤ ਸਿੰਘ ਬੈਂਸ ਆਤਮ ਨਗਰ ਵਿਧਾਨ ਸਭਾ ਹਲਕਾ , ਰਣਧੀਰ ਸਿੰਘ ਸਿਵੀਆਂ ਲੁਧਿਆਣਾ ਉਤਰੀ ਤੋਂ ਚੋਂ ਲੜਨਗੇ।


ਲੋਕ ਇਨਸਾਫ਼ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਕੇ 5 ਸੀਟਾਂ 'ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ। ਲੋਕ ਇਨਸਾਫ਼ ਪਾਰਟੀ 5 ਵਿਚੋਂ ਸਿਰਫ 2 ਸੀਟਾਂ ਪ੍ਰਾਪਤ ਕਰ ਸਕੀ। ਇਸ ਨੂੰ 5 ਸੀਟਾਂ 'ਤੇ 26.46% ਵੋਟ ਮਿਲੇ ਪਰ ਕੁਲ ਵੋਟਾਂ ਦਾ 1.22% ਹਿੱਸਾ ਮਿਲਿਆ। ਸਿਮਰਜੀਤ ਸਿੰਘ ਬੈਂਸ ਨੇ ਆਤਮ ਨਗਰ ਵਿਧਾਨ ਸਭਾ ਹਲਕਾ ਅਤੇ ਬਲਵਿੰਦਰ ਸਿੰਘ ਬੈਂਸ ਨੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ।

 

ਦੱਸ ਦੇਈਏ ਕਿ ਇੱਕ ਅੰਗਰੇਜ਼ੀ ਮੁਤਾਬਕ ਲੋਕ ਇਨਸਾਫ ਪਾਰਟੀ ਦੀ ਤਰਫੋਂ ਪਿਛਲੇ ਦਿਨੀਂ ਦਾਅਵਾ ਕੀਤਾ ਗਿਆ ਸੀ ਪਿਛਲੇ ਕੁਝ ਹਫ਼ਤਿਆਂ ਤੋਂ ਭਾਜਪਾ ਨਾਲ ਉਨ੍ਹਾਂ ਦੀ ਪਾਰਟੀ ਦੇ ਗਠਜੋੜ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਅਖਬਾਰ ਨੇ ਐਲਆਈਪੀ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਸੀ ਕਿ ਗਠਜੋੜ ਨੂੰ ਲੈ ਕੇ ਗੱਲਬਾਤ ਅੰਤਿਮ ਪੜਾਅ 'ਤੇ ਹੈ। ਇਸ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ ਪਰ ਅੱਜ ਲੋਕ ਇਨਸਾਫ ਪਾਰਟੀ ਨੇ ਆਪਣੇ 24 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਗੱਠਜੋੜ ਦੀਆਂ ਖ਼ਬਰਾਂ 'ਤੇ ਰੋਕ ਲਗਾ ਦਿੱਤੀ ਹੈ। 

 

ਲੋਕ ਇਨਸਾਫ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਣਾਈ ਗਈ ਸੀ। ਲੁਧਿਆਣਾ 'ਚ ਲੋਕ ਇਨਸਾਫ਼ ਪਾਰਟੀ ਦੀ ਮਜ਼ਬੂਤ ਪਕੜ ਹੈ। ਬੈਂਸ ਬ੍ਰਦਰਜ਼ ਨੇ ਲੋਕ ਇਨਸਾਫ ਪਾਰਟੀ ਬਣਾਈ ਹੈ। ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੋਵੇਂ ਭਰਾ ਲੁਧਿਆਣਾ ਤੋਂ ਵਿਧਾਇਕ ਹਨ। ਬੈਂਸ ਬ੍ਰਦਰਜ਼ ਲੁਧਿਆਣਾ ਤੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਚੁੱਕੇ ਹਨ। ਬੈਂਸ ਬ੍ਰਦਰਜ਼ ਨੇ ਲੋਕ ਇਨਸਾਫ ਪਾਰਟੀ ਬਣਾ ਕੇ ਵੀ ਜਿੱਤ ਹਾਸਲ ਕੀਤੀ ਸੀ।