Punjab Election 2022: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੇ ਜ਼ੋਰਾਂ 'ਤੇ ਹੈ। ਇਸ ਦੇ ਨਾਲ ਹੀ ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਇਸ ਵਾਰ ਪੰਜਾਬ 'ਚ ਕਿਹੜੀ ਪਾਰਟੀ ਦਾ ਉਮੀਦਵਾਰ ਸਭ ਤੋਂ ਵੱਧ ਅਮੀਰ ਹੈ। ਦੱਸ ਦੇਈਏ ਕਿ ਮੁਹਾਲੀ ਸ਼ਹਿਰੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਰੀਅਲ ਅਸਟੇਟ ਕਾਰੋਬਾਰੀ ਤੇ ਸਾਬਕਾ ਮੇਅਰ ਕੁਲਵੰਤ ਸਿੰਘ 250 ਕਰੋੜ ਦੀ ਜਾਇਦਾਦ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਸਭ ਤੋਂ ਅਮੀਰ ਉਮੀਦਵਾਰ ਹਨ।
ਦੱਸ ਦੇਈਏ ਕਿ ਮੁਹਾਲੀ ਜ਼ਿਲ੍ਹੇ 'ਚ 3 ਵਿਧਾਨ ਸਭਾ ਹਲਕੇ ਮੁਹਾਲੀ, ਖਰੜ ਤੇ ਡੇਰਾਬੱਸੀ ਸ਼ਾਮਲ ਹਨ। ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਇੱਕ ਹੋਰ ਰੀਅਲ ਅਸਟੇਟ ਕਾਰੋਬਾਰੀ ਰਣਜੀਤ ਸਿੰਘ ਗਿੱਲ ਕੋਲ 74 ਕਰੋੜ ਰੁਪਏ ਦੀ ਜਾਇਦਾਦ ਹੈ, ਜਦਕਿ ਡੇਰਾਬਸੀ ਤੋਂ ਮੁੜ ਚੋਣ ਮੈਦਾਨ 'ਚ ਉੱਤਰੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਐਨਕੇ ਸ਼ਰਮਾ ਕੋਲ 22 ਕਰੋੜ ਦੀ ਜਾਇਦਾਦ ਹੈ।
'ਆਪ' ਉਮੀਦਵਾਰ ਕੁਲਵੰਤ ਸਿੰਘ ਨੇ 250 ਕਰੋੜ ਦੀ ਚੱਲ-ਅਚੱਲ ਜਾਇਦਾਦ ਦੱਸੀ
'ਆਪ' ਦੇ ਉਮੀਦਵਾਰ ਕੁਲਵੰਤ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰਾਂ ਵਿੱਚ ਆਪਣੀ ਪਤਨੀ ਤੇ ਉਨ੍ਹਾਂ ਦੀ ਸੰਯੁਕਤ ਚੱਲ ਆਮਦਨ 204 ਕਰੋੜ ਰੁਪਏ ਤੇ ਅਚੱਲ ਆਮਦਨ 46 ਕਰੋੜ ਰੁਪਏ ਦੱਸੀ ਹੈ। 2014 'ਚ ਜਦੋਂ ਉਨ੍ਹਾਂ ਨੇ ਅਕਾਲੀ ਦਲ ਦੀ ਟਿਕਟ 'ਤੇ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜੀ ਤਾਂ ਉਨ੍ਹਾਂ ਦੀ ਘੋਸ਼ਿਤ ਆਮਦਨ 139 ਕਰੋੜ ਰੁਪਏ ਸੀ।
ਕੁਲਵੰਤ ਸਿੰਘ ਨੇ ਆਪਣੀ ਐਲਾਨੀ ਜਾਇਦਾਦ 'ਚ ਕਿਸੇ ਵੀ ਕਾਰ ਦਾ ਜ਼ਿਕਰ ਨਹੀਂ ਕੀਤਾ
ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ (ਜੇਐਲਪੀਐਲ) ਦੇ ਮਾਲਕ ਕੁਲਵੰਤ ਸਿੰਘ, ਜੋ ਲਗਪਗ 5 ਕਰੋੜ ਰੁਪਏ ਦੀ ਲਾਲ ਬੈਂਟਲੇ ਚਲਾਉਂਦੇ ਹਨ, ਨੇ ਆਪਣੀ ਜਾਇਦਾਦ 'ਚ ਕੋਈ ਕਾਰ ਨਹੀਂ ਸਗੋਂ ਸਿਰਫ਼ ਦੋਪਹੀਆ ਵਾਹਨਾਂ ਦਾ ਜ਼ਿਕਰ ਕੀਤਾ ਹੈ। ਕੁਲਵੰਤ ਸਿੰਘ ਅਨੁਸਾਰ ਉਸ ਦੀ ਕਾਰ ਉਨ੍ਹਾਂ ਦੀ ਕੰਪਨੀ ਦੇ ਨਾਂਅ 'ਤੇ ਰਜਿਸਟਰਡ ਹੈ ਅਤੇ ਹਲਫ਼ਨਾਮੇ 'ਚ ਦਰਜ ਦੋਪਹੀਆ ਵਾਹਨ ਉਨ੍ਹਾਂ ਦੇ ਬੱਚਿਆਂ ਦੇ ਨਾਂਅ ’ਤੇ ਹਨ। ਉਨ੍ਹਾਂ ਦੀ ਕੰਪਨੀ ਦਾ ਸਾਲਾਨਾ ਕਾਰੋਬਾਰ 1200 ਕਰੋੜ ਰੁਪਏ ਹੈ।
ਕੁਲਵੰਤ ਸਿੰਘ 2015 'ਚ ਮੋਹਾਲੀ ਦੇ ਪਹਿਲੇ ਮੇਅਰ ਬਣੇ ਸਨ
1988 'ਚ ਕੁਲਵੰਤ ਨੇ ਜਨਤਾ ਨਗਰ ਖਰੜ 'ਚ ਇਕ ਕਲੋਨੀ ਵਿਕਸਿਤ ਕੀਤੀ ਸੀ, ਜੋ ਕਿ ਪੰਜਾਬ 'ਚ ਪ੍ਰਵਾਨਿਤ ਪਹਿਲਾ ਰਿਹਾਇਸ਼ੀ ਐਨਕਲੇਵ ਸੀ। 1995 'ਚ ਉਨ੍ਹਾਂ ਨੇ ਲੁਧਿਆਣਾ 'ਚ ਆਪਣਾ ਕਾਰੋਬਾਰ ਫੈਲਾਇਆ। ਉਨ੍ਹਾਂ ਦਾ ਸਿਆਸੀ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ 1995 ਵਿੱਚ ਮੁਹਾਲੀ ਮਿਉਂਸਿਪਲ ਕਮੇਟੀ ਦੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ।
ਉਨ੍ਹਾਂ ਨੇ 1995 ਤੋਂ 2000 ਤੱਕ ਮਿਉਂਸਿਪਲ ਕਮੇਟੀ 'ਚ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾ ਨਿਭਾਈ ਤੇ 2005 ਤੱਕ ਪ੍ਰਧਾਨ ਰਹੇ। 2014 'ਚ ਉਨ੍ਹਾਂ ਨੇ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜੀ ਤੇ ਬਾਅਦ 'ਚ 2015 ਵਿੱਚ ਮੋਹਾਲੀ ਦੇ ਪਹਿਲੇ ਮੇਅਰ ਬਣੇ। ਉਹ ਪਿਛਲੇ ਮਹੀਨੇ ‘ਆਪ’ ਵਿੱਚ ਸ਼ਾਮਲ ਹੋਏ ਸਨ ਤੇ ਹੁਣ ਮੋਹਾਲੀ ਤੋਂ ਚੋਣ ਲੜ ਰਹੇ ਹਨ।
ਇਹ ਵੀ ਪੜ੍ਹੋ: ਹੁਣ ਚਰਨਜੀਤ ਚੰਨੀ ਦਾ ਨੰਬਰ, ਈਡੀ ਦੀ ਕਾਰਵਾਈ ਮਗਰੋਂ ਬਿਕਰਮ ਮਜੀਠੀਆ ਦਾ ਚੰਨੀ 'ਤੇ ਨਿਸ਼ਾਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904