ਨਵੀਂ ਦਿੱਲੀ: ਖੇਤੀ ਬਿੱਲਾਂ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਚੱਲ ਰਿਹਾ ਹੈ ਇਸ ਦੌਰਾਨ ਭਾਜਪਾ ਦੀਆਂ ਵਿਰੋਧ ਪਾਰਟੀਆਂ ਵੀ ਸਰਕਾਰ ਤੇ ਨਿਸ਼ਾਨਾ ਸਾਧਣ ਤੋਂ ਪਿੱਛੇ ਨਹੀਂ ਹੱਟ ਰਹੀਆਂ।ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਕਾਂਗਰਸ ਪਾਰਟੀ ਤੋਂ ਰਾਜ ਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੋਦੀ ਸਰਕਾਰ ਦੀ ਖੂਬ ਅਲੋਚਨਾ ਕੀਤੀ।


ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ, "ਮੋਦੀ ਸਰਕਾਰ ਦਾ ਮਨਸੂਬਾ FCI ਨੂੰ ਤੋੜਨ ਦਾ ਹੈ।ਨਵੇਂ ਬਿੱਲ ਨਾਲ 2-3 ਸਾਲ MSP ਜ਼ਰੂਰ ਮਿਲੇਗੀ।ਪਹਿਲੇ ਸਾਲ ਕੇਂਦਰ 80 ਫੀਸਦ ਤੇ ਪ੍ਰਾਈਵੇਟ ਅਦਾਰਾ 20 ਫੀਸਦ ਖਰੀਦ ਕਰੇਗਾ।ਅਗਲੇ ਸਾਲ ਸਰਕਾਰ ਤੇ ਪ੍ਰਾਈਵੇਟ ਅਦਾਰੇ 50-50 ਫੀਸਦ ਖਰੀਦ 'ਤੇ ਆਉਣਗੇ। 4 ਸਾਲ ਬਾਅਦ ਸਰਕਾਰ ਜ਼ੀਰੋ ਤੇ ਪ੍ਰਾਈਵੇਟ ਅਦਾਰੇ 100 ਫੀਸਦ 'ਤੇ ਕਬਜ਼ਾ ਕਰਨਗੇ।"

ਬਾਜਵਾ ਨੇ ਏਬੀਪੀ ਸਾਂਝਾ ਨਾਲ ਇੰਟਰਵਿਊ ਦੌਰਾਨ ਕਿਹਾ, "ਕਾਂਗਰਸ ਨੇ ਵੀ ਕਈ ਐਸੀਆਂ ਗਲਤੀਆਂ ਕੀਤੀਆਂ, 350 ਸੀਟਾਂ ਤੋਂ 50 'ਤੇ ਆ ਗਏ ਹਨ। ਪੰਜਾਬ ਤੇ ਹਰਿਆਣਾ 'ਚ ਮੋਦੀ ਸਰਕਾਰ ਨੇ ਭਵਿੱਖ ਹਮੇਸ਼ਾ ਲਈ ਸਾਫ ਕੀਤਾ ਹੈ।ਜੇ ਪੰਜਾਬ 'ਚ ਗੁੱਸਾ ਭੜਕਿਆ ਤਾਂ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੋਵੇਗਾ।ਅਸੀਂ ਹਮੇਸ਼ਾ ਮੰਡੀਆਂ ਦੇ ਕੰਮ ਦੀ ਹਮਾਇਤ ਕਰਦੇ ਰਹੇ ਹਾਂ।ਪੰਜਾਬ ਨੂੰ 4 ਹਜ਼ਾਰ ਕਰੋੜ ਸੈੱਸ ਮੰਡੀਆਂ ਤੋਂ ਆਉਂਦਾ ਹੈ।ਖੇਤੀ ਬਿੱਲ ਨੂੰ ਅਸੀਂ ਚੈਲੇਂਜ ਕਰਾਂਗੇ, ਕੋਰਟ ਜਾਵਾਂਗੇ।"
ਉਨ੍ਹਾਂ ਕਿਹਾ ਕਿ, "ਕੋਈ ਵੀ ਪੈਨ ਕਾਰਡ ਲੈਕੇ ਫਸਲ ਖਰੀਦ ਸਕਦਾ, ਅਸੀਂ ਵਿਰੋਧ ਕਰ ਰਹੇ ਹਾਂ। WTO ਦੇ ਜ਼ਰੀਏ ਸਾਰਾ ਕੰਮ ਹੋ ਰਿਹਾ ਹੈ।ਮੋਦੀ ਸਰਕਾਰ ਮਾਰਕਿਟ ਬਾਹਰਲਿਆਂ ਲਈ ਖੋਲ੍ਹ ਰਹੀ ਹੈ।ਅਸੀਂ ਕੈਪਟਨ ਨਾਲ ਦਿੱਲੀ 'ਚ ਤੱਕੜੇ ਹੋਕੇ ਧਰਨਾ ਲਗਾਵਾਂਗੇ।ਉਨ੍ਹਾਂ ਅੱਗੇ ਕਿਹਾ ਕਿ ਹਰਸਿਮਰਤ ਬਾਦਲ ਨੂੰ ਪਹਿਲਾਂ ਅਸਤੀਫਾ ਦੇਣਾ ਚਾਹੀਦਾ ਸੀ।ਅਕਾਲੀ ਦਲ ਪਹਿਲਾਂ ਆਰਡੀਨੈਂਸ ਦੀ ਵਕਾਲਤ ਕਰਦਾ ਰਿਹਾ।

ਬਾਜਵਾ ਨੇ ਕਿਹਾ, ਕਾਂਗਰਸ ਦਾ ਜੋ ਹਾਲ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 'ਚ ਹੋਇਆ, ਭਾਜਪਾ ਦਾ ਉਹ ਪੰਜਾਬ 'ਚ ਹੋਣਾ ਹੈ।ਉਨ੍ਹਾਂ ਕਿਹਾ ਕਿ ਸ਼ਿਵਸੇਨਾ ਦਾ ਕਿਸਾਨਾਂ 'ਤੇ ਸਟੈਂਡ ਗਲਤ ਹੈ। ਹਰਸਿਮਰਤ ਦੇ ਅਸਤੀਫੇ ਨਾਲ ਦੁਸ਼ਯੰਤ 'ਤੇ ਦਬਾਅ ਵਧਿਆ ਹੈ।ਉਨ੍ਹਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਦੁਸ਼ਯੰਤ ਨੂੰ ਸਿਆਣਾ ਬਣ ਡਿਪਟੀ ਸੀਐੱਮ ਦਾ ਅਹੁਦਾ ਛੱਡਣਾ ਚਾਹੀਦਾ ਹੈ।

ਬਾਜਵਾ ਨੇ ਕਿਹਾ ਕਿ "ਮੈਂ ਸਿਰਫ ਕਾਂਗਰਸ ਨੂੰ ਪੰਜਾਬ ਪ੍ਰਤੀ ਸਲਾਹ ਦੇ ਸਕਦਾ ਹਾਂ।ਉਨ੍ਹਾਂ ਅਕਾਲੀ ਦਲ ਨੂੰ ਸਲਾਹ ਦਿੰਦੇ ਹੋਏ ਕਿਹਾ, ਅਕਾਲੀ ਦਲ ਨੂੰ ਬੀਜੇਪੀ ਨਾਲ ਗੱਠਜੋੜ ਤੋੜਨਾ ਚਾਹੀਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਨੂੰ ਸੁਚੱਜੇ ਤਰੀਕੇ ਨਾਲ ਏਸ ਮੁੱਦੇ 'ਤੇ ਡਟਣਾ ਹੋਵੇਗਾ।ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਅਗਲੀ ਚੋਣ ਨਹੀਂ ਲੜ ਰਹੇ, ਉਹ ਆਪਣੇ ਵਚਨ 'ਤੇ ਕਾਇਮ ਰਹਿਣਗੇ।ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਤੋਂ ਲੀਡਰ ਪਿੱਛੇ ਨਹੀਂ ਹੱਟਦੇ
"ਕੈਪਟਨ ਹੁਣ ਧੋਨੀ ਸਾਹਬ ਦੀ ਉਮਰ 'ਚ ਪਹੁੰਚ ਗਏ ਹਨ।"