ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਪੈਂਦੇ ਪਿੰਡ ਸਰ ਕੱਪੜਾ ਦੇ ਕਿਸਾਨ ਹਰਜਾਪ ਸਿੰਘ ਨੇ ਦੱਸਿਆ ਕਿ ਫ਼ਸਲ ਲਈ ਉਨ੍ਹਾਂ ਕੋਲੋਂ ਖਾਦ ਖ਼ਰੀਦਣ ਲਈ ਪੈਸੇ ਨਹੀਂ ਹਨ। ਖਾਦ ਦੀਆਂ ਦੁਕਾਨਾਂ ਵਾਲੇ ਪੁਰਾਣੀ ਕਰੰਸੀ ਲੈ ਨਹੀਂ ਰਹੇ ਜਦੋਂਕਿ ਆੜ੍ਹਤੀਆਂ ਨੇ ਉਨ੍ਹਾਂ ਨੂੰ ਫ਼ਸਲ ਦੇ ਪੈਸੇ ਪੁਰਾਣੀ ਕਰੰਸੀ ਵਿੱਚ ਦਿੱਤੇ ਹਨ।
ਹਰਜਾਪ ਸਿੰਘ ਅਨੁਸਾਰ ਖੇਤਾਂ ਵਿੱਚ ਕੰਮ ਦੀ ਥਾਂ ਉਹ ਬੈਂਕਾਂ ਅੱਗੇ ਲਾਈਨਾਂ ਵਿੱਚ ਖੜ੍ਹੇ ਹੋਣ ਲਈ ਮਜਬੂਰ ਹਨ। ਸਾਰਾ ਦਿਨ ਖੜ੍ਹੇ ਰਹਿਣ ਦੇ ਬਾਅਦ ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਕੈਸ਼ ਖ਼ਤਮ ਹੋ ਜਾਂਦਾ ਹੈ। ਹਰਜਾਪ ਸਿੰਘ ਦੇ ਘਰ 24 ਨਵੰਬਰ ਨੂੰ ਵਿਆਹ ਹੈ। ਅਜਿਹੇ ਵਿੱਚ ਦਿੱਕਤ ਇਹ ਹੈ ਕਿ ਖ਼ਰੀਦਦਾਰੀ ਕਿਵੇਂ ਕੀਤੀ ਜਾਏ।
ਇਸੇ ਪਿੰਡ ਦੇ ਸੁਖਵਿੰਦਰ ਸਿੰਘ ਅਨੁਸਾਰ ਨੋਟਬੰਦੀ ਕਾਰਨ ਬੱਚਿਆਂ ਦੀ ਫ਼ੀਸ ਵੀ ਨਹੀਂ ਭਰ ਰਹੇ ਕਿਉਂਕਿ ਸਕੂਲ ਪ੍ਰਬੰਧਕਾਂ ਨੇ ਪੁਰਾਣੇ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਘਰ ਵਿੱਚ ਜੋ ਪੈਸੇ ਸਨ, ਉਹ ਹੁਣ ਤੱਕ ਖ਼ਰਚ ਹੋ ਚੁੱਕੇ ਹਨ। ਸੁਖਵਿੰਦਰ ਸਿੰਘ ਅਨੁਸਾਰ ਪੇਂਡੂ ਇਲਾਕਿਆਂ ਦੇ ਬੈਂਕਾਂ ਵਿੱਚ ਨਵੀਂ ਕਰੰਸੀ ਆਈ ਹੀ ਨਹੀਂ। ਇਸ ਕਰਕੇ ਉਨ੍ਹਾਂ ਨੂੰ ਆਪਣੇ ਨਿੱਤ ਕੰਮਕਾਰ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਦੀ ਕਿਸਾਨੀ ਜ਼ਿਆਦਾਤਰ ਆੜ੍ਹਤੀਆਂ ਉੱਤੇ ਨਿਰਭਰ ਹੈ। ਆੜ੍ਹਤੀਆਂ ਵੀ ਕਿਸਾਨਾਂ ਨੂੰ ਪੁਰਾਣੀ ਕਰੰਸੀ ਦੇਣ ਲਈ ਮਜਬੂਰ ਹਨ। ਪੁਰਾਣੀ ਕਰੰਸੀ ਕਿਸਾਨਾਂ ਦੇ ਹੁਣ ਕਿਸੇ ਕੰਮ ਦੀ ਨਹੀਂ ਰਹੀ। ਇਸ ਕਰਕੇ ਪੇਂਡੂ ਇਲਾਕਿਆਂ ਵਿੱਚ ਮੋਦੀ ਸਰਕਾਰ ਦੀ ਨੋਟਬੰਦੀ ਯੋਜਨਾ ਨਾਲ ਲੋਕਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਦਿਨ ਦੀ ਛੁੱਟੀ ਤੋਂ ਬਾਅਦ ਜਦੋਂ ਅੱਜ ਬੈਂਕ ਖੁੱਲ੍ਹੇ ਤਾਂ ਲੋਕ ਸਵੇਰੇ ਹੀ ਲਾਈਨਾਂ ਵਿੱਚ ਲੱਗ ਗਏ ਪਰ ਕੁਝ ਬੈਂਕਾਂ ਵਿੱਚ ਕੈਸ਼ ਨਾ ਹੋਣ ਕਾਰਨ ਲੋਕ ਮਾਯੂਸ ਹੋ ਕੇ ਘਰ ਮੁੜਨ ਲਈ ਮਜਬੂਰ ਸਨ।