ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਾਲ-2021 ਲਈ ਗਜ਼ਟਿਡ ਤੇ ਰਾਖਵੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਜ ਸੂਬਾ ਸਰਕਾਰ ਨੇ ਛੁੱਟੀਆਂ ਦਾ ਕੈਲੰਡਰ ਜਾਰੀ ਕੀਤਾ। ਸਰਕਾਰੀ ਦਫ਼ਤਰ ਸ਼ਨਿਚਰਵਾਰ ਤੇ ਐਤਵਾਰ ਨੂੰ ਬੰਦ ਰਹਿਣਗੇ। ਕੁੱਲ 26 ਸ਼ਡਿਊਲਡ ਛੁੱਟੀਆਂ ਤੇ 31 ਰਾਖਵੀਂਆਂ ਛੁੱਟੀਆਂ ਹੋਣਗੀਆਂ ਜਿਨ੍ਹਾਂ ਵਿਚੋਂ ਕਰਮਚਾਰੀ 2 ਛੁੱਟੀਆਂ ਲੈ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਛੁੱਟੀਆਂ ਤੋਂ ਇਲਾਵਾ ਸਰਕਾਰ ਨੇ ਕਰਮਚਾਰੀਆਂ ਲਈ ਨਗਰ ਕੀਰਤਨ ਤੇ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲਈ 15 ਅੱਧੇ ਦਿਨ (ਬਾਅਦ ਦੁਪਹਿਰ) ਦੀਆਂ ਛੁੱਟੀਆਂ ਵੀ ਸੂਚੀਬੱਧ ਕੀਤੀਆਂ ਹਨ, ਜਿਨ੍ਹਾਂ ਵਿਚੋਂ ਕਰਮਚਾਰੀਆਂ ਨੂੰ ਕੋਈ ਵੀ ਚਾਰ ਅੱਧੇ ਦਿਨ (ਬਾਅਦ ਦੁਪਹਿਰ) ਦੀਆਂ ਛੁੱਟੀਆਂ ਲੈਣ ਦੀ ਆਗਿਆ ਹੋਵੇਗੀ।

ਉਨ੍ਹਾਂ ਕਿਹਾ ਕਿ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਐਤਵਾਰ ਦੇ ਨਾਲ-ਨਾਲ ਪੰਜਾਬ ਸਰਕਾਰ ਨੇ 15 ਸ਼ਡਿਊਲਡ ਛੁੱਟੀਆਂ ਦੀ ਸੂਚੀ ਵੀ ਜਾਰੀ ਕੀਤੀ ਹੈ।