ਚੰਡੀਗੜ੍ਹ: ਅਕਾਲੀ ਦਲ ਤੇ ਬੀਜੇਪੀ ਸਰਕਾਰ ਸਮੇਂ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਵਰਲਡ ਕੱਪ ਕੱਬਡੀ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਸੀ। ਲੋਕਾਂ ਨੂੰ ਮਾਂ ਖੇਡ ਕਬੱਡੀ ਨਾਲ ਜੋੜਣ ਲਈ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਸੀ। ਪੰਜਾਬ ਵਿੱਚ ਕੈਪਟਨ ਸਰਕਾਰ ਬਣਨ ਤੋਂ ਬਾਅਦ 2017 ਤੋਂ ਇਸ ਟੂਰਨਾਮੈਂਟ ਨੂੰ ਬੰਦ ਕਰ ਦਿੱਤਾ ਗਿਆ। ਚਰਚਾ ਹੈ ਕਿ ਹੁਣ ਕੈਪਟਨ ਸਰਕਾਰ ਇਸ ਨੂੰ ਫੇਰ ਤੋਂ ਸ਼ੁਰੂ ਕਰਨ ਜਾ ਰਹੀ ਹੈ।


ਜੀ ਹਾਂ, ਦੋ ਸਾਲ ਬਾਅਦ ਪੰਜਾਬ ਸਰਕਾਰ ਇਸ ਟੂਰਨਾਮੈਂਟ ਨੂੰ ਸ਼ੁਰੂ ਤਾਂ ਕਰ ਰਹੀ ਹੈ ਪਰ ਇਸ ਦਾ ਨਾਂ ਬਦਲ ਕੇ। ਹੁਣ ਇਸ ਦਾ ਨਾਂ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਕਰ ਦਿੱਤਾ ਗਿਆ ਹੈ। ਇਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 1 ਤੋਂ 15 ਦਸੰਬਰ ਤਕ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾਵੇਗਾ। ਇਸ ‘ਚ ਇੱਕ ਹੋਰ ਵੱਡਾ ਬਦਲਾਅ ਕਰਦੇ ਹੋਏ ਸੂਬਾ ਸਰਕਾਰ ਨੇ ਇਸ ਟੂਰਨਾਮੈਂਟ ਦੀ ਇਨਾਮੀ ਰਕਮ ਘਟਾ ਕੇ ਇੱਕ ਕਰੋੜ ਰੁਪਏ ਤੋਂ 25 ਲੱਖ ਰੁਪਏ ਕਰ ਦਿੱਤੀ ਹੈ।

ਡਾਇਰੈਕਟਰ ਆਫ਼ ਪੰਜਾਬ ਸਪੋਰਟਸ ਐਂਡ ਪੰਜਾਬ ਸਟੇਟ ਸਪੋਰਟਸ ਕੌਂਸਲ ਵੱਲੋਂ ਜਾਰੀ ਪੱਤਰ ‘ਚ ਕਿਹਾ ਗਿਆ ਹੈ ਕਿ ਇਸ ਟੂਰਨਾਮੈਂਟ ‘ਚ ਭਾਰਤੀ ਟੀਮ ਦੇ ਨਾਲ-ਨਾਲ ਯੂਐਸਏ, ਆਸਟ੍ਰੇਲੀਆ, ਪਾਕਿਸਤਾਨ, ਇੰਗਲੈਂਡ, ਨਿਊਜ਼ੀਲੈਂਡ, ਕੈਨੇਡਾ, ਕੀਨੀਆ ਤੇ ਸ਼੍ਰੀਲੰਕਾ ਦੀ ਮਰਦਾਂ ਦੀ ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਦੇਸ਼ਾਂ ਦੀ ਟੀਮਾਂ ਨੂੰ ਸੱਦੇ ਵੀ ਭੇਜ ਦਿੱਤੇ ਗਏ ਹਨ।