ਫਰੀਦਕੋਟ: ਬੀਤੀ 10 ਅਪ੍ਰੈਲ ਨੂੰ ਬਹਿਬਲ ਕਲਾਂ ਇਨਸਾਫ ਮੋਰਚੇ (Behbal Kalan Golikand) ਵੱਲੋਂ ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦਾ ਜਲਦ ਨਿਪਟਾਰਾ ਕਰਕੇ ਇਨਸਾਫ ਦੇਣ ਦੀ ਮੰਗ ਨੂੰ ਲੈ ਕੇ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ। ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦਫਤਰ ਦੇ ਵਕੀਲਾਂ ਨੇ ਮੌਕੇ 'ਤੇ ਆ ਕੇ ਇਨ੍ਹਾਂ ਮਾਮਲਿਆ ਨੂੰ ਤਿੰਨ ਮਹੀਨਿਆ ਅੰਦਰ ਹੱਲ ਕਰਨ ਤੇ ਹਰ ਮਹੀਨੇ ਦੀ ਕਾਰਗਜਾਰੀ ਸੰਗਤ ਵਿੱਚ ਆ ਕੇ ਦੱਸਣ ਦਾ ਜੋ ਵਾਅਦਾ ਕੀਤਾ ਸੀ, ਉਸੇ ਤਹਿਤ ਅੱਜ ਵਕੀਲਾਂ ਦੀ ਟੀਮ ਬਹਿਬਲ ਕਲਾਂ ਵਿਖੇ ਲੱਗੇ ਧਰਨੇ ਵਿੱਚ ਪਹੁੰਚੀ।



ਵਕੀਲਾਂ ਦੀ ਟੀਮ ਨੇ ਸਿੱਖ ਸੰਗਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਬੀਤੇ ਇੱਕ ਮਹੀਨੇ ਅੰਦਰ ਇਨ੍ਹਾਂ ਮਾਮਲਿਆਂ ਦੇ ਹੱਲ ਲਈ ਕੀਤੀ ਗਈ ਕਾਰਵਾਈ ਤੇ ਇਸ ਕਾਰਵਾਈ ਦੇ ਸਹੀ ਦਿਸ਼ਾ ਵਿੱਚ ਚੱਲਣ ਬਾਰੇ ਵਿਸਵਾਸ਼ ਦਵਾਇਆ। ਇਸ ਦੇ ਨਾਲ ਹੀ ਇਹ ਵੀ ਵਿਸ਼ਵਾਸ ਦਵਾਇਆ ਗਿਆ ਕਿ ਸਰਕਾਰ ਨੇ ਸੰਗਤਾਂ ਤੋਂ ਜੋ 3 ਮਹੀਨੇ ਦੇ ਸਮਾਂ ਲਿਆ ਸੀ, ਇਹ ਸਾਰੇ ਮਾਮਲੇ ਉਸੇ ਸਮਾਂ ਹੱਦ ਅੰਦਰ ਹੱਲ ਕੀਤੇ ਜਾਣਗੇ।

ਇਸ ਮੌਕੇ ਵਕੀਲਾਂ ਦੀ ਟੀਮ ਵੱਲੋਂ ਪਹਿਲੀ ਵਾਰ ਆ ਕੇ ਸੰਗਤਾ ਨਾਲ ਬੈਠ ਕੇ ਆਪਣੀ ਗੱਲਬਾਤ ਦੱਸਣ 'ਤੇ ਸਿੱਖ ਸੰਗਤਾਂ ਦੇ ਵਕੀਲ ਹਰਪਾਲ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਖੁਦ ਚੱਲ ਕੇ ਧਰਨੇ ਵਿੱਚ ਆਈ ਤੇ ਆਪਣੇ ਕੀਤੇ ਹੋਏ ਵਾਅਦੇ ਮੁਤਾਬਕ ਉਨ੍ਹਾਂ ਇੱਕ ਮਹੀਨੇ ਅੰਦਰ ਕੀਤੀ ਗਈ ਕਾਰਵਾਈ ਬਾਰੇ ਸੰਗਤਾਂ ਨੂੰ ਦੱਸਿਆ ਤੇ ਭਰੋਸਾ ਦਵਾਇਆ ਕਿ ਸਰਕਾਰ ਇਨ੍ਹਾਂ ਮਾਮਲਿਆ ਨੂੰ ਮਿਥੀ ਸਮਾਂ ਹੱਦ ਅੰਦਰ ਹੱਲ ਕਰਨ ਲਈ ਵਚਨਵੱਧ ਹੈ।

ਇਸ ਮੌਕੇ ਗੱਲਬਾਤ ਕਰਦਿਆ ਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨੇ ਬੇਅਦਬੀ ਤੇ ਗੋਲੀਕਾਡ ਮਾਮਲਿਆਂ ਵਿੱਚ ਸਰਕਾਰ ਦੀ ਕਾਰਗੁਜਾਰੀ ਨੂੰ ਸਲਾਹਿਆ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਨਸਾਫ ਦਾ ਭਰੋਸਾ ਤਾਂ ਉਨ੍ਹਾਂ ਨੂੰ ਸਿਰਫ ਪਰਮਾਤਮਾਂ 'ਤੇ ਹੀ ਹੈ ਪਰ ਜੋ ਹੁਣ ਤੱਕ ਸਰਕਾਰ ਨੇ ਕੀਤਾ, ਉਸ ਨਾਲ ਵੀ ਉਹ ਸਹਿਮਤ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਭਾਈ ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਸਾਧੂ ਸਿੰਘ ਨੇ ਕਿਹਾ ਕਿ ਜੋ ਵਕੀਲ ਆਏ ਹਨ, ਉਨ੍ਹਾਂ ਨੇ ਸਿਰਫ ਇਹੀ ਕਿਹਾ ਕਿ ਸਰਕਾਰ ਕੰਮ ਕਰ ਰਹੀ ਹੈ ਤੇ ਤਿੰਨ ਮਹੀਨਿਆਂ ਦਾ ਜੋ ਸਮਾਂ ਸਰਕਾਰ ਨੇ ਲਿਆ ਸੀ, ਉਸੇ ਸਮਾਂ ਹੱਦ ਅੰਦਰ ਮਾਮਲਿਆ ਨੂੰ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਰ ਸਾਨੂੰ ਸਰਕਾਰ 'ਤੇ ਨਾ ਤਾਂ ਕੋਈ ਭਰੋਸਾ ਹੈ ਤੇ ਨਾ ਹੀ ਸਰਕਾਰ ਤੋਂ ਕੋਈ ਆਸ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਇਨਸਾਫ ਕੀ ਦੇਣਾ, ਸਰਕਾਰ ਦੇ ਨੁਮਾਇੰਦੇ ਤਾਂ ਫੋਨ ਤੱਕ ਵੀ ਨਹੀਂ ਚੁੱਕਦੇ।

ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਨਾਮ ਲੈਂਦਿਆਂ ਕਿਹਾ ਕਿ ਜਦੋਂ 2015 ਵਿੱਚ ਇਹ ਦੁਖਾਂਤ ਵਾਪਰਿਆ ਸੀ ਤਾਂ ਉਸ ਵਕਤ ਜਦ ਕੇਜਰੀਵਾਲ ਇੱਥੇ ਆਇਆ ਸੀ ਤਾਂ ਇਹੀ ਕੁਲਤਾਰ ਸਿੰਘ ਸੰਧਵਾਂ ਮੈਨੂੰ ਭੋਗ ਤੋਂ ਉਠਾ ਕੇ ਲੈ ਕੇ ਆਇਆ ਸੀ ਤੇ ਮੇਰੇ ਪੈਰਾਂ ਦੀ ਮਿੱਟੀ ਆਪਣੇ ਮੱਥੇ ਨੂੰ ਲਾ ਕੇ ਕਹਿੰਦਾ ਸੀ ਤੁਹਾਡੀ ਕਿਰਪਾ ਨਾਲ ਸਾਡੀ ਸਰਕਾਰ ਬਣਜੇ ਤਾਂ ਅਸੀਂ ਇਨਸਾਫ ਕਰਾਂਗੇ।

ਉਨ੍ਹਾਂ ਕਿਹਾ ਕਿ ਪਰ ਹੁਣ ਉਹੀ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕਦਾ। ਉਨ੍ਹਾਂ ਨਾਲ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਾਰੇ ਵੀ ਕਿਹਾ ਕਿ ਉਹ ਵੀ ਪਹਿਲਾਂ ਸੱਤ ਐਮਐਲਏ ਲੈ ਕੇ ਉਨ੍ਹਾਂ ਦੇ ਘਰ ਆਏ ਸਨ ਪਰ ਹੁਣ ਕੋਈ ਵੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਬਾਰੇ ਵੀ ਕਿਹਾ ਕਿ ਉਨ੍ਹਾਂ ਨੇ ਵੀ ਕਦੀ ਆ ਕੇ ਨਹੀਂ ਪੁੱਛਿਆ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਉਨ੍ਹਾਂ ਨੂੰ ਕੋਈ ਆਸ ਨਹੀਂ।