Sidhu Moosewala Brother: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ। ਪੋਸਟ ਰਾਹੀਂ ਬਲਕੌਰ ਸਿੰਘ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਉਸ ਦੇ ਨਵ ਜਨਮੇ ਪੁੱਤਰ ਸਬੰਧੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਮੰਗਲਵਾਰ ਰਾਤ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਬੱਚੇ ਦੇ ਕਾਨੂੰਨੀ ਦਸਤਾਵੇਜ਼ ਪੇਸ਼ ਕਰਨ ਸਬੰਧੀ ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ 'ਤੇ ਰਹਿਮ ਕਰਨ ਦੀ ਬੇਨਤੀ ਕਰਨਾ ਚਾਹੁੰਦੇ ਹਨ। ਉਸ ਦੇ ਪੁੱਤਰ ਦਾ ਇਲਾਜ ਪੂਰਾ ਹੋਣ ਦਿੱਤਾ ਜਾਵੇ।
ਮੈਂ ਇਥੇ ਦਾ ਵਸਨੀਕ ਹਾਂ, ਮੈਂ ਕਿਤੇ ਵੀ ਭੱਜਣ ਵਾਲਾ ਨਹੀਂ ਹਾਂ। ਜਿੱਥੇ ਵੀ ਤੁਸੀਂ ਮੈਨੂੰ ਬੁਲਾਉਂਦੇ ਹੋ, ਮੈਂ ਪਹੁੰਚਾਗਾ। ਬਲਕੌਰ ਸਿੰਘ ਨੇ ਕਿਹਾ ਕਿ ਮੈਂ ਯੂ-ਟਰਨ ਲੈਣ ਵਾਲਿਆਂ ਵਿੱਚੋਂ ਨਹੀਂ ਹਾਂ, ਮੈਂ ਆਪਣੀ ਜਾਨ ਦੇ ਸਕਦਾ ਹਾਂ ਪਰ ਯੂ-ਟਰਨ ਨਹੀਂ ਲੈਂਦਾ। ਮੈਂ ਕਾਨੂੰਨ ਨਹੀਂ ਤੋੜਿਆ। ਜੇਕਰ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤਾਂ ਮੈਨੂੰ ਜੇਲ੍ਹ ਵਿੱਚ ਡੱਕ ਦਿਓ। ਮੈਂ ਇੱਕ ਸਾਬਕਾ ਫੌਜੀ ਹਾਂ ਅਤੇ ਦੇਸ਼ ਦੇ ਕਾਨੂੰਨ ਦਾ ਹਰ ਥਾਂ ਸਨਮਾਨ ਕਰਦਾ ਹਾਂ। ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ। ਜੇਕਰ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤਾਂ ਮੇਰੇ ਖਿਲਾਫ ਕੇਸ ਦਰਜ ਕਰੋ। ਮੈਨੂੰ ਜੇਲ 'ਚ ਪਾਓ ਅਤੇ ਫਿਰ ਮਾਮਲੇ ਦੀ ਜਾਂਚ ਕਰੋ।
ਬਿਕਰਮ ਸਿੰਘ ਮਜੀਠੀਆ
ਬਲਕੌਰ ਸਿੰਘ ਦੇ ਇਹਨਾਂ ਦੋਸ਼ਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਲਤੀ ਕਰਕੇ ਪਹਿਲਾਂ ਸਿੱਧੂ ਮੂਸੇਵਾਲਾ ਦੀ ਜਾਨ ਗਈ, ਹੁਣ ਉਹਨਾਂ ਦੇ ਘਰ ਦੂਜੇ ਪੁੱਤਰ ਨੇ ਜਨਮ ਲਿਆ ਹੈ ਤਾਂ ਭਗਵੰਤ ਮਾਨ ਨੂੰ ਉਹਨਾਂ ਦੀ ਪਰਸਨਲ ਜ਼ਿੰਦਗੀ 'ਚ ਦਾਖਲ ਨਹੀਂ ਹੋਣਾ ਚਾਹੀਦਾ। ਮਜੀਠੀਆ ਨੇ ਕਿਹਾ ਕਿ ਇਸ ਮੁੱਦੇ 'ਤੇ ਸਾਰੇ ਪੰਜਾਬੀ ਬਲਕੌਰ ਸਿੰਘ ਦਾ ਸਾਥ ਦੇਣ ਲਈ ਅੱਗੇ ਆਉਣ
ਪ੍ਰਤਾਪ ਸਿੰਘ ਬਾਜਵਾ
ਕਾਂਗਰਸੀ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਪ੍ਰਤਾਪ ਬਾਜਵਾ ਨੇ ਟਵੀਟ ਕਰਕੇ ਕਿਹਾ ਕਿ ਭਗਵੰਤ ਮਾਨ ਬੇਸ਼ਰਮੀ ਦੀ ਹੱਦ ਹੈ!
ਜਿਸ ਬੱਚੇ ਦੇ ਜਨਮ ਦੀ ਖੁਸ਼ੀ ਪੂਰਾ ਪੰਜਾਬ ਅਤੇ ਦੁਨੀਆ ਭਰ ਵਿਚ ਵਸਦੇ ਲੋਕ ਮਨਾ ਰਹੇ ਹਨ, ਤੁਹਾਡੇ ਅਤੇ ਤੁਹਾਡੀ ਸਰਕਾਰ ਤੋਂ ਇਹ ਖ਼ੁਸ਼ੀ ਝੱਲ ਨਹੀਂ ਹੋ ਰਹੀ! ਇੱਕ ਨਵ ਜਨਮੇ ਬੱਚੇ ਤੋਂ ਤੁਹਾਨੂੰ ਅਜਿਹਾ ਕਿਹੜਾ ਡਰ ਸਤਾ ਰਿਹਾ, ਜੋ ਸਰਦਾਰ
ਬਲਕੌਰ ਸਿੰਘ ਸਿੱਧੂ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇੰਨਾਂ ਤੰਗ ਪ੍ਰੇਸ਼ਾਨ ਕਰ ਰਹੇ ਹੋ?
ਸੁਖਪਾਲ ਖਹਿਰਾ
ਖਹਿਰਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਬਲਕੌਰ ਸਿੰਘ ਜੀ ਨੂੰ ਉਹਨਾਂ ਦੇ ਨਵ-ਜੰਮੇ ਪੁੱਤਰ ਸੰਬੰਧੀ ਜਾਣਕਾਰੀ ਮੰਗ ਕੇ ਮਾਨਸਿਕ ਤੌਰ ਤੇ ਟੋਰਚਰ ਕਰ ਰਹੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਲਗਭਗ 2 ਸਾਲ ਬਾਅਦ ਪਰਿਵਾਰ ਨੂੰ ਇੰਨਸਾਫ਼ ਦੇਣ ਦੀ ਬਜਾਏ ਇਹ ਕਾਰਵਾਈ ਮੂਸੇਵਾਲਾ ਦੇ ਪਰਿਵਾਰ ਦੇ ਜ਼ਖਮਾਂ ਤੇ ਲੂਣ ਛਿੜਕਣ ਵਰਗੀ ਹੈ -
ਮਾਨਿਕ ਗੋਇਲ ਨੇ ਮੀਡੀਆ 'ਤੇ ਸਵਾਲ ਖੜ੍ਹੇ ਕੀਤੇ
ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ - ਜਨਵਰੀ '24 ਵਿੱਚ ਸਿੱਧੂ ਮੂਸੇਵਾਲਾ ਦੇ ਘਰ ਗਏ ਸੀ। ਸਿੱਧੂ ਦੇ ਮਾਤਾ ਪਿਤਾ ਕੋਲ ਕਾਫੀ ਚਿਰ ਬੈਠੇ 'ਤੇ ਗੱਲ ਚਲਦੀ ਸੀ ਮੀਡੀਆ ਦੀ। ਮਾਤਾ ਜੀ ਨੇ ਬੜੇ ਅਫਸੋਸ ਨਾਲ ਕਿਹਾ ਕਿ ਸਰਕਾਰ ਦੇ ਇਸ਼ਾਰੇ ਤੇ 2-4 ਪੰਜਾਬੀ ਚੈਨਲਾਂ ਨੂੰ ਛੱਡ ਲਗਪਗ ਸਾਰੇ ਹੀ ਚੁੱਪ ਕਰ ਗਏ। ਕੋਈ ਸਿੱਧੂ ਲਈ ਇਨਸਾਫ ਮੰਗਣ ਦੀ ਗੱਲ ਚਲਾਉਣ ਨੂੰ ਤਿਆਰ ਨੀ
ਜਿਹੜੇ ਚੈਨਲ ਸਿੱਧੂ ਦੇ ਹੁੰਦਿਆਂ ਹਾੜ੍ਹੇ ਕੱਢਦੇ ਸੀ ਇੰਟਰਵਿਉ ਲਈ ਅਤੇ ਸਿੱਧੂ ਦੀ ਮੌਤ ਤੋਂ ਬਾਅਦ ਵੀ ਉਸਦੇ ਟਰੈਕਟਰ, ਹਵੇਲੀ, ਕੁੱਤੇ ਆਦਿ ਦਿਖਾ ਕੇ ਲੱਖਾਂ ਰੁਪਏ ਕਮਾਉੰਦੇ ਰਹੇ, ਸਰਕਾਰ ਦੇ ਇੱਕ ਇਸ਼ਾਰੇ 'ਤੇ ਉਹਦੇ ਘਰੇ ਜਾਣੋ ਹਟ ਗਏ। ਕਿਉੰਕਿ ਸਰਕਾਰ ਨਹੀਂ ਚਾਹੁੰਦੀ ਸੀ ਕਿ ਸਿੱਧੂ ਦੇ ਇਨਸਾਫ ਦੀ ਗੱਲ ਹੋਵੇ ਤੇ ਇਹਨਾਂ ਚੈਨਲਾਂ ਨੂੰ ਸਰਕਾਰ ਤੋਂ ਆਉੰਦਾ ਪੈਸਾ ਪਿਆਰਾ ਸੀ।
ਹੁਣ ਉਹੀ ਗਿਰਝਾਂ ਰੂਪੀ ਚੈਨਲ ਸਿੱਧੂ ਦੇ ਭਰਾ ਦੇ ਜਨਮ ਤੇ ਫੇਰ ਯੂਟਿਊਬ ਦੇ ਡਾਲਰ ਇਕੱਠੇ ਕਰਨ ਲਈ ਹਰ ਦੂਜੀ ਵੀਡੀਉ ਬੱਚੇ ਦੇ ਜਨਮ ਦੀ ਚਲਾ ਰਹੇ ਹਨ ... ਪਰ ਰਾਤ ਜਦੋਂ ਸਿੱਧੂ ਦੇ ਪਿਤਾ ਨੇ ਸਰਕਾਰ ਦੀ ਕਰਤੂਤ ਦੱਸੀ ਕਿ ਕਿਵੇਂ ਭਗਵੰਤ ਸਰਕਾਰ ਉਹਨਾਂ ਨੂੰ ਬੱਚੇ ਦੇ ਜਨਮ ਦੇ ਕਾਗਜ ਮੰਗ ਕੇ ਪਰੇਸ਼ਾਨ ਕਰ ਰਹੀ ਹੈ ਤਾਂ ਫੇਰ ਇਹ ਚੈਨਲਾਂ ਨੇ ਉਹ ਵੀਡੀਉ ਨਹੀਂ ਚਲਾਈ, 'ਤੇ ਕਈਆਂ ਨੇ ਚਲਾ ਕੇ ਡਲੀਟ ਕਰ ਦਿੱਤੀ ਕਿਉਕਿ ਉੱਤੋਂ ਫੋਨ ਆ ਗਿਆ।
ਪੰਜਾਬੀ ਮੀਡੀਆ ਗੋਦੀ ਮੀਡੀਆ ਨੂੰ ਟੱਪ ਗਿਆ ਹੈ ਬੱਸ ਕੁਝ ਕੁ ਚੈਨਲ ਬਚੇ ਹਨ ਜੋ ਸਰਕਾਰ ਦੇ ਇਸ਼ਾਰੇ ਤੇ ਨਹੀਂ ਚਲਦੇ। ਤੁਸੀਂ ਆਲੇ ਦੁਆਲੇ ਦੇਖੋ ਕਿ ਕਿਹੜੇ ਚੈਨਲ ਸਿਰਫ ਨਵੇਂ ਜੰਮੇ ਬੱਚੇ ਦੀਆਂ ਖਬਰਾਂ ਚਲਾ ਕੇ ਵਿਉ ਲੈ ਰਹੇ ਹਨ ਪਰ ਸਰਕਾਰ ਦੀ ਕਰਤੂਤ ਦੱਸਦੀ ਸਿੱਧੂ ਦੇ ਪਿਤਾ ਦੀ ਵੀਡੀਉ ਨਹੀਂ ਪਾ ਰਹੇ। ਇਨ੍ਹਾਂ ਗਿਰਝਾਂ ਨੂੰ ਪਛਾਨਣ ਦੀ ਲੋੜ ਹੈ।