ਚੰਡੀਗੜ੍ਹ: ਕੈਪਟਨ ਸਰਕਾਰ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਹੋ ਰਹੀ ਅਲੋਚਨਾ ਕਰਕੇ ਪਹਿਲੀ ਵਾਰ ਵੱਡੀ ਕਾਰਵਾਈ ਕੀਤੀ ਹੈ। ਨਸ਼ਾ ਤਸਕਰੀ ਵਿੱਚ ਸ਼ਮੂਲੀਅਤ ਦੇ ਦੋਸ਼ਾਂ ਤਹਿਤ ਪੰਜਾਬ ਸਰਕਾਰ ਨੇ ਵਿਵਾਦਤ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ, ਐਸਪੀ ਵਰਿੰਦਰਜੀਤ ਸਿੰਘ ਥਿੰਦ, ਫਰੀਦਕੋਟ ਦੇ ਐਸਪੀ (ਡੀ) ਸੇਵਾ ਸਿੰਘ ਮੱਲ੍ਹੀ, ਪਰਮਿੰਦਰ ਸਿੰਘ ਬਾਠ ਡੀਐਸਪੀ ਤੇ ਕਰਨਸ਼ੇਰ ਸਿੰਘ ਡੀਐਸਪੀ ਫਤਿਹਗੜ੍ਹ ਸਾਹਿਬ ਨੂੰ ਮੁਅੱਤਲ ਕੀਤਾ ਹੈ।



ਕੈਪਟਨ ਦੀ ਇਸ ਗੱਲੋਂ ਅਲੋਚਨਾ ਹੋ ਰਹੀ ਸੀ ਕਿ ਗੁਟਕਾ ਸਾਹਿਬ ਦੀ ਸੰਹੁ ਚੁੱਕਣ ਦੇ ਬਾਵਜੂਦ ਉਹ ਨਸ਼ਿਆਂ ਦਾ ਖਾਤਮਾ ਨਹੀਂ ਕਰ ਸਕੇ। ਇਹ ਮੁੱਦਾ ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ ਵਿੱਚ ਵੱਡਾ ਮੁੱਦਾ ਬਣ ਸਕਦਾ ਹੈ। ਇਸ ਲਈ ਕੈਪਟਨ ਨੇ ਵੱਡੀ ਕਾਰਵਾਈ ਕਰਕੇ ਸੰਕੇਤ ਦਿੱਤਾ ਹੈ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਗੰਭੀਰ ਹਨ।

ਅਹਿਮ ਗੱਲ ਇਹ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਇਲਜ਼ਾਮ ਲੱਗਦੇ ਆ ਰਹੇ ਹਨ ਕਿ ਨਸ਼ਾ ਤਸਕਰੀ ਪੁਲਿਸ ਤੇ ਸਿਆਸੀ ਲੀਡਰਾਂ ਦੀ ਛਤਰ ਛਾਇਆ ਹੇਠ ਹੋ ਰਹੀ ਹੈ। ਇਸ ਦੇ ਬਾਵਜੂਦ ਕਿਸੇ ਵੱਡਾ ਅਫਸਰ ਤੇ ਸਿਆਸਤਦਾਨ ਖਿਲਾਫ ਕਾਰਵਾਈ ਨਹੀਂ ਹੋਈ। ਹੁਣ ਕੈਪਟਨ ਨੇ ਪਹਿਲੀ ਵਾਰ ਸੀਨੀਅਰ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਕੀਤੀ ਹੈ। ਇਸ ਨਾਲ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਪੁਲਿਸ ਹੀ ਨਸ਼ਿਆਂ ਨੂੰ ਬੜਾਵਾ ਦੇ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਡੀਜੀਪੀ ਦਫ਼ਤਰ ਵੱਲੋਂ ਕੀਤੀ ਸਿਫਾਰਸ਼ ਦੇ ਆਧਾਰ ‘ਤੇ ਗ੍ਰਹਿ ਵਿਭਾਗ ਨੇ ਸੀਨੀਅਰ ਪੁਲਿਸ ਅਫਸਰਾਂ ਦੀ ਮੁਅੱਤਲੀ ਦੇ ਹੁਕਮ ਦਿੱਤੇ ਹਨ। ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀ ਮੁਤਾਬਕ ਪੰਜਾਂ ਪੁਲਿਸ ਅਫ਼ਸਰਾਂ ਨੂੰ ਦੋਸ਼ ਪੱਤਰ ਜਾਰੀ ਕੀਤੇ ਜਾ ਰਹੇ ਹਨ। ਪੁਲਿਸ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਮੁਅੱਤਲ ਕੀਤੇ ਪੁਲਿਸ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਦੇ ਤੱਥ ਐਸਟੀਐਫ ਵੱਲੋਂ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤੇ ਖੰਨਾ ਜ਼ਿਲ੍ਹੇ ਦੇ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਮਾਮਲੇ ’ਚ ਸਾਹਮਣੇ ਆਏ ਹਨ।

ਐਸਟੀਐਫ ਨੇ ਗੁਰਦੀਪ ਸਿੰਘ ਦੀ ਤਫਤੀਸ਼ ਦੇ ਅਧਾਰ ’ਤੇ ਸਰਕਾਰ ਤੇ ਡੀਜੀਪੀ ਦਫ਼ਤਰ ਨੂੰ ਜੋ ਰਿਪੋਰਟ ਭੇਜੀ ਸੀ, ਉਸ ਰਿਪੋਰਟ ’ਚ ਉਕਤ ਪੁਲਿਸ ਅਫਸਰਾਂ ਦੇ ਗੁਰਦੀਪ ਸਿੰਘ ਨਾਲ ਨੇੜਲੇ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਗਠਿਤ ਵਿਸ਼ੇਸ਼ ਟਾਸਕ ਫੋਰਸ ਵੱਲੋਂ ਕੁਝ ਮਹੀਨੇ ਪਹਿਲਾਂ ਖੰਨਾ ਨੇੜਲੇ ਪਿੰਡ ਰਾਣੋ ਦੇ ਸਰਪੰਚ ਗੁਰਦੀਪ ਸਿੰਘ ਨੂੰ ਤਸਕਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।