ਫਾਜ਼ਿਲਕਾ :  ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਫ਼ਾਜ਼ਿਲਕਾ ਪਹੁੰਚੇ ਹਨ। ਜਿਸ ਦੇ ਲਈ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਫਾਜ਼ਿਲਕਾ ਦੇ ਸਰਕਾਰੀ ਐਮਆਰ ਕਾਲਜ ਵਿੱਚ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਓਹ ਦੂਜੀ ਵਾਰ ਫ਼ਾਜ਼ਿਲਕਾ ਵਿੱਚ ਦੌਰਾ ਕਰਨ ਲਈ ਆਏ ਹਨ। ਉਨ੍ਹਾਂ ਨੂੰ ਲਗਾਤਾਰ ਸਰਹੱਦ ਪਾਰੋ ਆ ਰਹੀ ਨਸ਼ੇ ਦੇ ਖੇਪ ਦੀ ਚਿੰਤਾ ਸਤਾ ਰਹੀ ਹੈ। ਇਸ ਨੂੰ ਲੈ ਕੇ ਆਰਮੀ, ਬੀ.ਐਸ.ਐਫ, ਪੁਲਿਸ ਸਿਵਲ ਸਭ ਨੂੰ ਮਿਲ ਕੇ ਇਸ ਦੇ ਖਿਲਾਫ ਐਕਸ਼ਨ ਕਰਨ ਦੀ ਗੱਲ ਕਹੀ ਜਾ ਰਹੀ ਹੈ। 

 

ਇਸ ਮੌਕੇ ਡੀਜੀਪੀ ਗੌਰਵ ਯਾਦਵ, ਮੁੱਖ ਸਕੱਤਰ ਪੰਜਾਬ, ਫ਼ਾਜ਼ਿਲਕਾ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਅਤੇ ਇਲਾਕੇ ਤੋਂ ਆਪ ਪਾਰਟੀ ਦੇ ਵਿਧਾਇਕ ਮੌਜੂਦ ਰਹੇ। ਇਨ੍ਹਾਂ ਹੀ ਨਹੀ ਇਸ ਮੌਕੇ 'ਤੇ ਇਲਾਕੇ ਦੇ ਪੰਚ ਸਰਪੰਚ ਵੀ ਮੌਜੂਦ ਰਹੇ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਈ ਪਿੰਡਾਂ ਦੇ ਲੋਕ ਇਸ ਮਾਮਲੇ ਵਿੱਚ ਮਿਲੇ ਹੋਏ ਹਨ , ਜਿਨ੍ਹਾਂ ਨੂੰ ਬਾਹਰ ਕੱਢਣ ਦੀ ਲੋੜ ਹੈ। 

 

ਨਾਲ ਹੀ ਉਨ੍ਹਾਂ ਕਿਹਾ ਕਿ ਪਿੰਡ ਪੱਧਰ 'ਤੇ ਵਿਸ਼ੇਸ਼ ਕਮੇਟੀਆਂ ਦਾ ਗਠਨ ਕੀਤਾ ਜਾਵੇ, ਜੋ ਇਸ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਤਾਰ ਪਾਰ ਕਿਸਾਨਾਂ ਨੂੰ ਆਉਣ ਜਾਣ ਵਿੱਚ ਦਿੱਕਤ ਆ ਰਹੀ ਸੀ ਤਾਂ ਕਿਸਾਨਾਂ ਦੀ ਤਾਰ ਪਾਰ ਆਉਣ ਜਾਣ ਦੇ ਲਈ ਇਸ ਸਮੇਂ ਦੀ ਦਿੱਕਤ ਨੂੰ ਦੂਰ ਕਰਦਿਆਂ ਸਮਾਂ ਵਧਾ ਦਿੱਤਾ ਗਿਆ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਤਾਰਬੰਦੀ ਦੇ ਪਾਰ ਪੈਂਦੀ ਜ਼ਮੀਨ ਮਾਮਲੇ 'ਤੇ ਵੀ ਗੱਲਬਾਤ ਚੱਲ ਰਹੀ ਹੈ। ਸਰਹੱਦੀ ਇਲਾਕੇ ਦੇ ਬੇਰੋਜ਼ਗਾਰਾਂ ਦੇ ਲਈ ਉਨ੍ਹਾਂ ਕਿਹਾ ਕਿ ਅਗਨੀਪਥ ਤੋਂ ਵਧੀਆ ਕੋਈ ਸਕੀਮ ਨਹੀਂ। 

 

ਦੱਸ ਦੇਈਏ ਕਿ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਰੋਕਣ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਐਕਸ਼ਨ ਮੋਡ ਵਿੱਚ ਨਜ਼ਰ ਆਏ। ਉਨ੍ਹਾਂ ਨਾਜਾਇਜ਼ ਖਣਨ ਕਰਨ ਵਾਲਿਆਂ ਨੂੰ ਦੇਸ਼ ਦਾ ਗੱਦਾਰ ਐਲਾਨਦਿਆਂ ਕਿਹਾ ਕਿ ਅਜਿਹੇ ਲੋਕਾਂ ਖ਼ਿਲਾਫ਼ ਖਣਨ ਐਕਟ ਤੋਂ ਇਲਾਵਾ ਦੇਸ਼ ਧ੍ਰੋਹ ਦਾ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਖਣਨ ਹੋਣ ਨਾਲ ਸਰਹੱਦੀ ਖੇਤਰ ਅੰਦਰ ਪੁਲਾਂ ਨੂੰ ਖਤਰਾ ਪੈਦਾ ਹੋ ਗਿਆ ਹੈ ਤੇ ਉੱਥੇ ਬਣੇ ਹੋਏ ਬੀਐਸਐਫ ਤੇ ਫੌਜ ਦੇ ਬੰਕਰ ਟੁੱਟ ਰਹੇ ਹਨ।