ਚੰਡੀਗੜ੍ਹ: ਸ਼ਿਲਾਂਗ ਵਿੱਚ ਸਿੱਖ ਭਾਈਚਾਰੇ ਨਾਲ ਹੋਈ ਧੱਕੇਸ਼ਾਹੀ ਤੋਂ ਬਾਅਦ ਪੰਜਾਬ ਸਰਕਾਰ ਦਾ ਇੱਕ ਵਫ਼ਦ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਸ਼ਿਲਾਂਗ ਜਾ ਰਿਹਾ ਹੈ। ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸ਼ਿਲਾਂਗ ਦੇ ਸਿੱਖਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਸਰਕਾਰ ਵੱਲੋਂ ਇਹ ਦੂਸਰਾ ਵਫ਼ਦ ਭੇਜਿਆ ਜਾ ਰਿਹਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਚਾਰ ਸੰਸਦ ਮੈਂਬਰਾਂ ਤੇ ਵਿਧਾਇਕਾਂ ਦਾ ਵਫਦ ਮੇਘਾਲਿਆ ਸਰਕਾਰ ਨਾਲ ਗੱਲਬਾਤ ਕਰਨ ਲਈ ਕੱਲ੍ਹ ਰਵਾਨਾ ਹੋਵੇਗਾ।

ਇਸ ਸਬੰਧੀ ਰੰਧਾਵਾ ਨੇ ਦੱਸਿਆ ਕਿ ਮੇਘਾਲਿਆ ਸਰਕਾਰ ਨਾਲ ਮਸਲੇ ਦਾ ਹੱਲ ਕਰਕੇ ਹੀ ਵਫ਼ਦ ਵੱਲੋਂ ਵਾਪਸੀ ਕੀਤੀ ਜਾਵੇਗੀ। ਦੱਸ ਦੇਈਏ ਸ਼ਿਲਾਂਗ ਵਿੱਚ ਵੱਸ ਰਹੇ ਸਿੱਖਾਂ ਨੂੰ ਕੁਝ ਅੱਤਵਾਦੀ ਸੰਗਠਨ ਲਗਾਤਾਰ ਮੇਘਾਲਿਆ ਛੱਡਣ ਦੀਆਂ ਧਮਕੀਆਂ ਦੇ ਰਹੇ ਸਨ। ਇਸ ਤੋਂ ਬਾਅਦ ਮੇਘਾਲਿਆ ਸਰਕਾਰ ਨੇ ਕੇਂਦਰ ਸਰਕਾਰ ਨੂੰ ਇੱਕ ਰਿਪੋਰਟ ਸੌਂਪੀ ਤੇ ਇਹ ਮਸਲਾ ਵਧਦਾ ਚਲਾ ਗਿਆ।

ਪੰਜਾਬ ਸਰਕਾਰ ਦਾ ਵਫਦ ਬੁੱਧਵਾਰ ਸਵੇਰੇ ਚੱਲ ਕੇ ਸ਼ੁੱਕਰਵਾਰ ਨੂੰ ਵਾਪਸੀ ਕਰੇਗਾ। ਇਨ੍ਹਾਂ ਦਿਨਾਂ ਵਿੱਚ ਪੀੜਤ ਪਰਿਵਾਰਾਂ ਨੂੰ ਮਿਲਿਆ ਜਾਵੇਗਾ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ। ਇਸ ਦੇ ਨਾਲ ਹੀ ਸਰਕਾਰ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਬਾਰੇ ਚਰਚਾ ਕੀਤੀ ਜਾਵੇਗੀ।