ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਵੱਲੋਂ ਪੰਜਾਬ ਵਿੱਚ ਸਿੱਖ ਕੱਟੜਪੰਥੀਆਂ ਵੱਲੋਂ ਪਾਕਿਸਤਾਨ ਦੀ ਸ਼ਹਿ 'ਤੇ ਅੱਤਵਾਦ ਮੁੜ ਤੋਂ ਸਰਗਰਮ ਕਰਨ ਸਬੰਧੀ ਦਿੱਤੇ ਬਿਆਨ ਦਾ ਕਾਂਗਰਸ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਭਾਰਤ ਸਰਕਾਰ ਨੂੰ ਬਿਆਨਬਾਜ਼ੀ ਕਰਨ ਦੀ ਥਾਂ ਇਸ 'ਤੇ ਕੰਮ ਕਰਨ ਦੀ ਸਲਾਹ ਦਿੱਤੀ ਹੈ।


ਦਰਅਸਲ, ਗੁਜਰਾਤ ਵਿੱਚ ਚੱਲ ਰਹੀ ਆਲ ਇੰਡੀਆ ਡੀਜੀਪੀ ਕਾਨਫ਼ਰੰਸ ਦੌਰਾਨ ਪਾਕਿਸਤਾਨ ਵੱਲੋਂ ਪੰਜਾਬ ਵਿੱਚ ਅੱਤਵਾਦ ਫੈਲਾਏ ਜਾਣ ਦਾ ਜ਼ਿਕਰ ਰਿਹਾ। ਕੇਂਦਰੀ ਗ੍ਰਹਿ ਮੰਤਰੀ ਨੇ ਉੱਥੇ ਭਾਸ਼ਣ ਦੇਣ ਦੇ ਨਾਲ-ਨਾਲ ਇਸ ਸਬੰਧੀ ਟਵੀਟ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਰਪ ਤੇ ਅਮਰੀਕਾ ਦੀ ਸਹਾਇਤਾ ਨਾਲ ਪਾਕਿਸਤਾਨ ਵਿੱਚ ਬੈਠੇ ਸਿੱਖ ਕੱਟੜਪੰਥੀਆਂ ਨੇ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਵਾਰਦਾਤਾਂ ਦਾ ਹਵਾਲਾ ਦਿੰਦਿਆਂ ਇਹ ਗੱਲ ਕਹੀ।

ਸਬੰਧਤ ਖ਼ਬਰ: ਕੈਪਟਨ ਨੂੰ ਨਜ਼ਰ ਆ ਰਹੀ ਕਰਤਾਰਪੁਰ ਲਾਂਘੇ ਪਿੱਛੇ ਪਾਕਿਸਤਾਨ ਦੀ ਚਾਲ, ਸਿੱਧੂ 'ਤੇ ਵੀ ਨਿਸ਼ਾਨਾ

ਭਾਰਤ ਦੇ ਗ੍ਰਹਿ ਮੰਤਰੀ ਦੇ ਬਿਆਨ ਮਗਰੋਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸ ਬਿਆਨ ਨੂੰ ਸਿਆਸਤ ਨਾਲ ਜੋੜਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਸਦਾ ਹੀ ਪੰਜਾਬ ਵਿੱਚ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਨਾਥ ਭਾਰਤ ਦੇ ਗ੍ਰਹਿ ਮੰਤਰੀ ਹਨ। ਬਿਆਨ ਦੇਣ ਦੀ ਬਜਾਏ ਉਨ੍ਹਾਂ ਨੂੰ ਆਪਣੀਆਂ ਏਜੰਸੀਆਂ ਨੂੰ ਤਕੜੇ ਕਰਨਾ ਚਾਹੀਦਾ ਹੈ ਤਾਂ ਜੋ ਅਜਿਹਾ ਨਾ ਵਾਪਰੇ।

ਇਹ ਵੀ ਪੜ੍ਹੋ: SFJ ਨੇ ਪੰਜਾਬ ਦੀ 'ਆਜ਼ਾਦੀ' ਲਈ ਮੰਗੀ ਪਾਕਿਸਤਾਨ ਤੋਂ ਮਦਦ, ਕੈਪਟਨ ਹੋਏ ਲੋਹੇ-ਲਾਖੇ

ਬਾਜਵਾ ਨੇ ਕਿਹਾ ਕਿ ਜੇਕਰ ਰਾਜਨਾਥ ਕੋਲ ਅਜਿਹੀ ਕੋਈ ਜਾਣਕਾਰੀ ਪਹੁੰਚੀ ਹੈ ਤਾਂ ਉਸ 'ਤੇ ਕਾਰਵਾਈ ਕਰਨੀ ਚਾਹੀਦੀ ਹੈ, ਨਾ ਕਿ ਬਿਆਨਬਾਜ਼ੀ। ਹਾਲਾਂਕਿ, ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪਾਕਿਸਤਾਨ ਵੱਲੋਂ ਅੱਤਵਾਦ ਫੈਲਾਏ ਜਾਣ 'ਤੇ ਕਈ ਵਾਰ ਫਿਕਰਮੰਦੀ ਜ਼ਾਹਰ ਕਰ ਚੁੱਕੇ ਹਨ। ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਨੂੰ ਵੀ ਆਈਐਸਆਈ ਦੀ ਘਿਨਾਉਣੀ ਸਾਜ਼ਿਸ਼ ਕਰਾਰ ਦਿੱਤਾ ਸੀ ਪਰ ਉਦੋਂ ਕਿਸੇ ਮੰਤਰੀ ਨੇ ਕੁਝ ਨਹੀਂ ਬੋਲਿਆ।