ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਨੌਜਵਾਨ ਵਿੰਗ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਮੌਜੂਦਾ ਸਮੇਂ ਵਿੱਚ ਫਸਲਾਂ ਦੀ ਸਿੱਧੀ ਅਦਾਇਗੀ ਸਬੰਧੀ ਚੱਲ ਰਹੇ ਰੇੜਕੇ 'ਤੇ ਕੇਂਦਰ ਅਤੇ ਕੈਪਟਨ ਸਰਕਾਰ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਮਿਲ ਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਬੇਵਕੂਫ ਬਣਾ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਨੂੰ ਝੂਠੇ ਵਾਅਦੇ ਕਰ ਰਹੇ ਹਨ ਕਿ ਇਸ ਸੀਜ਼ਨ ਵਿੱਚ ਸਿੱਧੀ ਅਦਾਇਗੀ ਨਹੀਂ ਹੋਵੇਗੀ ਪ੍ਰੰਤੂ ਹੁਣ ਉਨ੍ਹਾਂ ਦੇ ਮੰਤਰੀ ਇਸ ਗੱਲ ਤੋਂ ਮੁੱਕਰ ਰਹੇ ਹਨ।


ਉਨ੍ਹਾਂ ਅੱਗੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਦੇ ਚਾਰ ਮੰਤਰੀਆਂ ਦੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਹੋਈ ਮੀਟਿੰਗ ਦੇ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਦਾ ਪੱਖ ਦ੍ਰਿੜ੍ਹਤਾ ਨਾਲ ਨਾ ਰੱਖਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਕੈਪਟਨ ਅਮਰਿੰਦਰ ਸਿੰਘ ਵੀ ਪੈਰ ਪੈਰ ਤੇ ਝੂਠ ਬੋਲ ਰਹੇ ਹਨ। ਆਪ ਵਿਧਾਇਕਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਸੰਸਦ ਵਿੱਚ ਦਾਅਵੇ ਤੇ ਵਾਅਦੇ ਕਰਦੇ ਹਨ ਕਿ ਫਸਲਾਂ 'ਤੇ ਐਮਐਸਪੀ ( ਘੱਟੋ ਘੱਟ ਸਮਰਥਨ ਮੁੱਲ) ਹੈ ਅਤੇ ਰਹੇਗਾ, ਪਰ ਪੰਜਾਬ ਦੇ ਕਿਸਾਨਾਂ ਨੇ ਵੱਖ ਵੱਖ ਥਾਂਵਾਂ 'ਤੇ ਕਣਕ ਲੱਦੇ ਸੈਂਕੜੇ ਟਰਾਲੇ ਫੜ ਕੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਅਤੇ ਵਾਅਦਿਆਂ ਦੀ ਪੋਲ ਖੋਲ ਕੇ ਰੱਖ ਦਿਤੀ ਹੈ, ਜੋ ਹੋਰਨਾਂ ਸੂਬਿਆਂ ਤੋਂ ਐਮ.ਐਸ.ਪੀ ਤੋਂ ਘੱਟ ਮੁੱਲ 'ਤੇ ਖਰੀਦੀ ਗਈ ਸੀ।


ਉਨਾਂ ਕਿਹਾ ਕਿ ਹੋਰਨਾਂ ਸੂਬਿਆਂ ਤੋਂ ਸਸਤੀਆਂ ਫਸਲਾਂ ਖਰੀਦ ਕੇ ਪੰਜਾਬ ਵਿੱਚ ਮਹਿੰਗੇ ਮੁੱਲ 'ਤੇ ਵੇਚਣ ਦਾ ਵਰਤਾਰਾ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਵਾਲੇ ਫ਼ਸਲ ਮਾਫੀਏ ਵੱਲੋਂ ਕੀਤਾ ਜਾ ਰਿਹਾ ਹੈ। ਵਿਧਾਇਕ ਮੀਤ ਹੇਅਰ ਨੇ ਕਿਹਾ ਫ਼ਸਲ ਮਾਫੀਏ ਨੂੰ ਸੱਤਾਧਾਰੀਆਂ ਦੀ ਸਰਪਰਸਤੀ ਹਾਸਲ ਹੈ। ਸੂਬੇ ਦਾ ਸਿਵਲ ਪ੍ਰਾਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ ਕਿਉਂਕਿ ਇਸ ਗੋਰਖਧੰਦੇ ਵਿੱਚ ਸੂਬੇ ਦੇ ਮੁਖ ਮੰਤਰੀ ਸਮੇਤ ਮੰਤਰੀ ਅਤੇ ਕਾਂਗਰਸੀ ਆਗੂ ਸ਼ਾਮਲ ਹਨ।


ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀ ਰਾਤ ਦੇ ਕਰਫਿਊ ਦੌਰਾਨ ਆਪਣੇ ਗੋਰਖਧੰਦੇ ਚਲਾ ਰਹੇ ਅਤੇ ਪੰਜਾਬ ਦੇ ਆਰਥਿਕ ਸਾਧਨਾਂ ਦੀ ਲੁੱਟ ਕਰ ਰਹੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵਿਧਾਇਕ ਮੀਤ ਹੇਅਰ ਨੇ ਦੱਸਿਆ ਕਿ ਸੂਬੇ 'ਚ ਝੋਨੇ ਦੇ ਸੀਜਨ ਦੌਰਾਨ ਉਤਪਾਦਨ ਤੋਂ 50 ਹਜ਼ਾਰ ਟਨ ਵਾਧੂ ਝੋਨਾਂ ਪੰਜਾਬ ਦੀਆਂ ਮੰਡੀਆਂ ਵਿਚ ਵੇਚਿਆ ਗਿਆ, ਪਰ ਕਾਂਗਰਸ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਸਰਕਾਰ ਜਾਂਚ ਕਮੇਟੀਆਂ ਬਣਾ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਉਨਾਂ ਨੂੰ ਕਲੀਨ ਚਿੱਟ ਦੇ ਦਿੰਦੀ ਹੈ।


ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਦੱਸਿਆ ਕਿ ਉਨਾਂ ਦੇ ਜ਼ਿਲ੍ਹੇ ਦੇ ਕਿਸਾਨਾਂ ਨੇ 8 ਅਪ੍ਰੈਲ ਦੀ ਰਾਤ ਨੂੰ 45 ਟਰਾਲੇ ਕਣਕ ਦੇ ਫੜੇ, ਜੋ ਬਾਹਰਲੇ ਸੂਬਿਆਂ ਤੋਂ ਲਿਆਂਦੇ ਗਏ ਸੀ। ਉਨਾਂ ਕਿਹਾ ਕਿ ਕਿਸਾਨਾਂ ਨੇ ਜਾਣਕਾਰੀ ਦਿੱਤੀ ਹੈ ਕਿ 1 ਅਪ੍ਰੈਲ ਤੋਂ ਹਰ ਰੋਜ ਬਾਹਰਲੇ ਰਾਜਾਂ ਤੋਂ ਕਣਕ ਦੇ ਭਰੇ ਟਰੱਕ ਆ ਰਹੇ ਸਨ, ਪਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।


ਇਹ ਵੀ ਪੜ੍ਹੋ: Delhi Coronavirus: ਮੁੱਖ ਮੰਤਰੀ ਕੇਜਰੀਵਾਲ ਦਾ ਐਲਾਨ, ਅਗਲੇ ਆਦੇਸ਼ ਤੱਕ ਸਾਰੇ ਸਕੂਲ ਬੰਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904