Punjab News: ਪੰਜਾਬ ਦੀਆਂ 5 ਨਗਰ ਨਿਗਮਾਂ ਲਈ ਅੱਜ ਵੋਟਾਂ ਪੈਣਗੀਆਂ। ਇਨ੍ਹਾਂ ਵਿੱਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਸ਼ਾਮਲ ਹਨ। 44 ਨਗਰ ਕੌਂਸਲਾਂ ਵਿੱਚ ਵੀ ਵੋਟਿੰਗ ਹੋਵੇਗੀ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਹੋਵੇਗੀ। ਨਗਰ ਨਿਗਮਾਂ ਦੇ 368 ਵਾਰਡਾਂ ਅਤੇ ਨਗਰ ਕੌਂਸਲਾਂ ਦੇ 598 ਵਾਰਡਾਂ ਵਿੱਚ ਵੋਟਾਂ ਪਾਉਣ ਲਈ 1609 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚ 3809 ਪੋਲਿੰਗ ਬੂਥ ਹਨ।
ਵੋਟਿੰਗ ਖਤਮ ਹੁੰਦਿਆਂ ਹੀ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨ ਦਿੱਤੇ ਜਾਣਗੇ। ਜਿਨ੍ਹਾਂ ਨਿਗਮਾਂ 'ਚ ਵੋਟਿੰਗ ਹੋ ਰਹੀ ਹੈ, ਉਨ੍ਹਾਂ 'ਚ ਕਾਂਗਰਸ ਦੇ 4 ਅਤੇ ਭਾਜਪਾ ਦਾ 1 ਮੇਅਰ ਸੀ। ਹਾਲਾਂਕਿ ਹੁਣ ਦੋ ਮੇਅਰ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ ਅਤੇ ਕਾਂਗਰਸ ਵਿੱਚੋਂ ਇੱਕ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ।
ਸਾਢੇ 21 ਹਜ਼ਾਰ ਜਵਾਨ ਤਾਇਨਾਤ, ਹਰ ਬੂਥ ਦੀ ਵੀਡੀਓਗ੍ਰਾਫੀ
ਵੋਟਿੰਗ ਦੌਰਾਨ ਸੁਰੱਖਿਆ ਲਈ 21,500 ਪੁਲਿਸ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਹਰ ਪੋਲਿੰਗ ਬੂਥ ਦੀ ਵੀਡੀਓਗ੍ਰਾਫੀ ਹੋਵੇਗੀ। ਵੋਟਿੰਗ ਅਤੇ ਗਿਣਤੀ ਲਈ 23 ਹਜ਼ਾਰ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਜੋ ਪੋਲਿੰਗ ਅਫ਼ਸਰ ਤੋਂ ਲੈ ਕੇ ਰਿਟਰਨਿੰਗ ਅਫ਼ਸਰ ਤੱਕ ਦੀਆਂ ਜ਼ਿੰਮੇਵਾਰੀਆਂ ਨਿਭਾਉਣਗੇ। 32 IAS ਅਤੇ IPS ਅਧਿਕਾਰੀਆਂ ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਵੋਟਾਂ ਵਾਲੇ ਇਲਾਕਿਆਂ 'ਚ ਛੁੱਟੀਆਂ, ਸ਼ਰਾਬ ਬੰਦ, ਹਥਿਆਰ ਲੈ ਕੇ ਜਾਣ 'ਤੇ ਰਹੇਗੀ ਪਾਬੰਦੀ
ਜਿਨ੍ਹਾਂ ਇਲਾਕਿਆਂ ਵਿੱਚ ਵੋਟਾਂ ਪੈ ਰਹੀਆਂ ਹਨ, ਉੱਥੇ ਸਰਕਾਰੀ ਛੁੱਟੀ ਹੈ। ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਹੋਟਲਾਂ, ਰੈਸਟੋਰੈਂਟਾਂ ਅਤੇ ਕਲੱਬਾਂ ਆਦਿ ਵਿੱਚ ਸ਼ਰਾਬ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਇਲਾਕਿਆਂ 'ਚ 22 ਦਸੰਬਰ ਤੱਕ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ ਲਾਈ ਗਈ ਹੈ।
344 ਪੋਲਿੰਗ ਕੇਂਦਰ ਅਤਿ ਸੰਵੇਦਨਸ਼ੀਲ, ਵਾਧੂ ਸੁਰੱਖਿਆ ਤਾਇਨਾਤ
ਵੋਟਿੰਗ ਦੇ ਨਜ਼ਰੀਏ ਤੋਂ ਕੁੱਲ 1609 ਪੋਲਿੰਗ ਕੇਂਦਰਾਂ ਵਿੱਚੋਂ 344 ਨੂੰ ਅਤਿ ਸੰਵੇਦਨਸ਼ੀਲ ਅਤੇ 665 ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਅਤਿ ਸੰਵੇਦਨਸ਼ੀਲ ਪੋਲਿੰਗ ਕੇਂਦਰਾਂ ਵਿੱਚ ਇੱਕ ਹਾਈਕੋਰਟ ਅਤੇ ਇੱਕ ਕਾਂਸਟੇਬਲ ਵੀ ਤਾਇਨਾਤ ਕੀਤਾ ਜਾਵੇਗਾ।
37.32 ਲੱਖ ਵੋਟਰ ਪਾਉਣਗੇ ਵੋਟ
ਵੋਟਿੰਗ ਵਿੱਚ 37.32 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਜਿਨ੍ਹਾਂ ਵਿੱਚ 19.56 ਲੱਖ ਪੁਰਸ਼ ਅਤੇ 17.76 ਲੱਖ ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 204 ਟਰਾਂਸਜੈਂਡਰ ਵੋਟਰ ਹਨ।