ਚੰਡੀਗੜ੍ਹ: ਕਾਂਗਰਸ ਨੇ ਬੇਸ਼ੱਕ ਬਾਦਲ ਪਰਿਵਾਰ ਦੇ ਗੜ੍ਹ ਫਤਹਿ ਕਰ ਲਏ ਹਨ ਪਰ ਬਿਕਰਮ ਮਜੀਠੀਆ ਨੇ ਦਬਦਬਾ ਕਾਇਮ ਰੱਖਿਆ ਹੈ। ਮਜੀਠਾ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਾਜ਼ੀ ਮਾਰਦਿਆਂ 13 ਸੀਟਾਂ ’ਚੋਂ 10 ਉਪਰ ਜਿੱਤ ਹਾਸਲ ਕਰ ਲਈ ਹੈ। ਦੂਜੇ ਪਾਸੇ ਕਾਂਗਰਸ ਕੋਲ ਸਿਰਫ ਦੋ ਸੀਟਾਂ ਆਈਆਂ ਹਨ। ਇੱਕ ਵਾਰਡ ਤੋਂ ਆਜ਼ਾਦ ਉਮੀਦਵਾਰ ਜਿੱਤਿਆ ਹੈ।


ਉਂਝ ਅੰਮ੍ਰਿਤਸਰ ਜ਼ਿਲ੍ਹੇ ਦੀਆਂ 6 ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਕੁੱਲ 68 ਸੀਟਾਂ ਲਈ ਚੋਣਾਂ ਦੇ ਅੱਜ ਆਏ ਨਤੀਜਿਆਂ ਵਿੱਚੋਂ ਕਾਂਗਰਸ ਨੇ 40 'ਤੇ ਜਿੱਤ ਹਾਸਲ ਕੀਤਾ। ਜ਼ਿਲ੍ਹੇ ਵਿੱਚੋਂ ਭਾਜਪਾ ਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਪ੍ਰਾਪਤ ਕਰ ਸਕਿਆ। ਅੰਮ੍ਰਿਤਸਰ ਜ਼ਿਲ੍ਹੇ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੇ 25 ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਰਮਦਾਸ ਦੀਆਂ 11 ਸੀਟਾਂ ਵਿੱਚੋਂ 8 ਕਾਂਗਰਸ ਤੇ 3 ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਹਨ। ਮਜੀਠਾ ਨਗਰ ਕੌਂਸਲ ਦੀਆਂ 13 ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ 10 ਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ ਹਨ। ਇਸ ਤਰ੍ਹਾਂ ਮਜੀਠੀਆ ਨੇ ਆਪਣੇ ਹਲਕੇ ਵਿੱਚ ਦਬਦਬਾ ਕਾਇਮ ਰੱਖਿਆ ਹੈ।

ਇਸੇ ਤਰ੍ਹਾਂ ਰਈਆ ਨਗਰ ਪੰਚਾਇਤ ਦੀਆਂ 13 ਸੀਟਾਂ ਵਿੱਚੋਂ ਕਾਂਗਰਸ ਨੇ 12 ਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਜਿੱਤੀ ਹੈ। ਅਜਨਾਲਾ ਨਗਰ ਕੌਂਸਲ ਦੀਆਂ 15 ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ 8 ਤੇ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ। ਜੰਡਿਆਲਾ ਗੁਰੂ ਹਲਕੇ ਦੀਆਂ 15 ਸੀਟਾਂ ਵਿੱਚੋਂ ਕਾਂਗਰਸ ਨੇ 10 ਤੇ ਸ਼੍ਰੋਮਣੀ ਅਕਾਲੀ ਦਲ ਨੇ 3 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ।

ਨਗਰ ਨਿਗਮ ਅੰਮ੍ਰਿਤਸਰ ਦੀ ਵਾਰਡ ਨੰਬਰ 37 ਤੋਂ ਉਪ ਚੋਣ ਕਾਂਗਰਸ ਦੇ ਉਮੀਦਵਾਰ ਗਗਨਦੀਪ ਸਿੰਘ ਸਹਿਜਰਾ ਨੇ 130 ਵੋਟਾਂ ਦੇ ਫ਼ਰਕ ਨਾਲ ਅਕਾਲੀ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।