ਚੰਡੀਗੜ੍ਹ: ਪੰਜਾਬ ਦੀਆਂ ਲੋਕਲ ਬਾਡੀਜ਼ ਚੋਣ ਲਈ 14 ਫਰਵਰੀ ਨੂੰ ਸੂਬੇ ਭਰ ਵਿੱਚ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ। ਇਸ ਵਿੱਚ ਕਾਂਗਰਸ 7 ਵਿੱਚੋਂ 6 ਨਗਰ ਨਿਗਮਾਂ 'ਤੇ ਤਾਂ ਕਲੀਨ ਸਵੀਪ ਕਰਦੀ ਦਿੱਖ ਰਹੀ ਹੈ। ਕਾਂਗਰਸ ਨੇ 100 ਦੇ ਕਰੀਬ ਨਗਰ ਕੌਂਸਲਾਂ ਤੇ ਕਬਜ਼ਾ ਕਰ ਲਿਆ ਹੈ। ਇਸ ਵਿਚਾਲੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ ਵਰਕਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਦੱਸਿਆ ਹੈ।



ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, "7 ਨਗਰ ਨਿਗਮਾਂ ਨੂੰ ਤਾਂ ਅਸੀਂ ਬਹੁਮਤ ਨਾਲ ਹੀ ਜਿੱਤ ਲਿਆ ਹੈ। 104 ਕੌਂਸਲਾਂ ਵਿੱਚੋਂ ਵੀ ਅਸੀਂ 98 ਤੇ ਬਹੁਮਤ ਹਾਸਲ ਕੀਤੀ ਹੈ। 109 ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਨਤੀਜੇ ਉਡੀਕੇ ਜਾ ਰਹੇ ਹਨ।"

ਉਨ੍ਹਾਂ ਅੱਗੇ ਕਿਹਾ ਕਿ "ਲੋਕਾਂ ਨੇ ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਜ਼ਨ ਕਾਰਨ ਤੇ ਸੂਬੇ ਦੀ ਸ਼ਾਂਤੀ ਲਈ ਚੁਣਿਆ ਹੈ। ਕੇਂਦਰ ਸਰਕਾਰ ਚਾਹੁੰਦੀ ਸੀ ਕਿ ਪੰਜਾਬ ਨੂੰ ਇੱਕ ਸ਼ਾਂਤੀ ਭੰਗ ਸੂਬਾ ਐਲਾਨ ਦੇਈਏ ਤੇ ਅਕਾਲੀ ਦਲ ਤੇ ਆਪ ਉਨ੍ਹਾਂ ਦੇ ਨਾਲ ਸੀ ਜਿਨ੍ਹਾਂ ਲੋਕਾਂ ਨੂੰ ਅੱਤਵਾਦ ਵੇਖਿਆ ਹੈ, ਉਨ੍ਹਾਂ ਸ਼ਾਂਤੀ ਬਣਾਏ ਰੱਖਣ ਲਈ ਕਾਂਗਰਸ ਨੂੰ ਵੋਟ ਪਾਈ ਹੈ।"

ਜਾਖੜ ਨੇ ਕਿਹਾ,"ਆਰਥਿਕ ਨਾਕਾਬੰਦੀ ਕਰਕੇ ਪੰਜਾਬ ਨਾਲ ਗਲਤ ਸਲੂਕ ਕੀਤਾ ਜਾ ਰਿਹਾ ਹੈ। ਚੋਣ ਨਤੀਜਿਆਂ ਨੇ ਬੀਜੇਪੀ ਤੇ ਕੇਂਦਰ ਸਰਕਾਰ ਨੂੰ ਇੱਕ ਕਲੀਅਰ ਸੰਦੇਸ਼ ਭੇਜਿਆ ਹੈ ਕਿ ਕੌਣ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਜਪਾ ਉਨ੍ਹਾਂ ਨੂੰ ਸ਼ਹਿਰੀ ਇਲਾਕਿਆਂ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨ ਪਿਆ ਹੈ, ਜਿਨ੍ਹਾਂ ਨੂੰ ਉਹ ਆਪਣਾ ਗੜ੍ਹ ਹੋਣ ਦਾ ਦਾਅਵਾ ਕਰਦੀ ਹੈ। ਜੇ ਭਾਜਪਾ ਇਸ ਸਖ਼ਤ ਸੰਦੇਸ਼ ਨੂੰ ਨਜ਼ਰਅੰਦਾਜ਼ ਕਰੇਗੀ ਤਾਂ ਉਹ ਆਪਣੀ ਮਰਜ਼ੀ ਨਾਲ ਕਰਨਗੇ।"