Punjab News :  ਪਟਿਆਲਾ ਜ਼ਿਲੇ 'ਚ ਇੱਕ 18 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ , ਜਿਸ ਤੋਂ ਬਾਅਦ ਘਰ ਵਿੱਚ ਸੋਗ ਪੈ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 18 ਸਾਲਾ ਗੁਰਬਖਸ਼ੀਸ਼ ਸਿੰਘ ਪਿੰਡ ਮੀਹਾਂ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਅਗਲੇ ਮਹੀਨੇ ਵਿਦੇਸ਼ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਜਹਾਨ ਤੋਂ ਤੁਰ ਗਿਆ। 

 

ਪਰਿਵਾਰ ਮੁਤਾਬਕ ਮ੍ਰਿਤਿਕ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਈ ਹੈ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਘਰੋਂ 500 ਰੁਪਏ ਲੈ ਕੇ ਦੁਸਹਿਰਾ ਦੇਖਣ ਗਿਆ ਸੀ ਪਰ ਬਾਅਦ ਵਿੱਚ ਸੂਚਨਾ ਮਿਲੀ ਕਿ ਗੁਰਬਖਸ਼ੀਸ਼ ਸਿੰਘ ਪਿੰਡ ਤੋਂ ਬਾਹਰ ਬੁਰੀ ਹਾਲਤ ਵਿੱਚ ਪਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਨੀਲੀ ਪਈ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 


 

ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਮੁੰਡੇ ਦਾ ਪਿਓ ਕਾਫੀ ਸਮੇਂ ਤੋਂ ਇਟਲੀ ਵਿਚ ਹੈ। ਅਗਲੇ ਮਹੀਨੇ ਉਸ ਨੇ ਪੰਜਾਬ ਆ ਕੇ ਆਪਣੇ ਪੁੱਤਰ ਗੁਰਬਖਸ਼ੀਸ਼ ਸਿੰਘ ਨੂੰ ਨਾਲ ਇਟਲੀ ਲੈ ਕੇ ਜਾਣਾ ਸੀ। ਗੁਰਬਖਸ਼ੀਸ਼ ਦੇ ਕਾਗਜ਼ ਆਦਿ ਸਾਰੇ ਪੂਰੇ ਹੋ ਚੁੱਕੇ ਸਨ। ਦੂਜੇ ਪਾਸੇ ਨਾਭਾ ਦੇ ਡੀਐਸਪੀ ਦਵਿੰਦਰ ਅੱਤਰੀ ਦਾ ਕਹਿਣਾ ਹੈ ਕਿ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਉਸ ਤੋਂ ਬਾਅਦ ਹੀ ਪੁਲਿਸ ਅਗਲੀ ਕਾਰਵਾਈ ਕਰੇਗੀ।

 

ਦੱਸ ਦੇਈਏ ਕਿ ਪੰਜਾਬ ਵਿੱਚ ਹੁਣ ਹਰ ਰੋਜ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਅਤੇ ਪਿੰਡਾਂ 'ਚ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦੇ ਦਾਅਵੇ ਪੂਰੇ ਪੰਜਾਬ 'ਚ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਹਨ। ਨਸ਼ਿਆਂ ਨੂੰ ਰੋਕਣ 'ਚ ਪੁਲਿਸ ਦੇ ਅਸਫਲ ਰਹਿਣ ਕਾਰਣ ਘਰ-ਘਰ ਸੱਥਰ ਵਿਛਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਜਿਸ ਕਾਰਨ ਲੋਕ ਪੁਲਿਸ ਅਤੇ ਸੂਬਾ ਸਰਕਾਰ ਨੂੰ ਕੋਸ ਰਹੇ ਹਨ।