ਚੰਡੀਗੜ੍ਹ: ਸ਼੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਉੱਪਰ 12% ਜੀਐਸਟੀ ਲਾਉਣ ਮਗਰੋਂ ਕੇਂਦਰ ਸਰਕਾਰ ਘਿਰ ਗਈ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਚੁਫੇਰਿਓਂ ਵਿਰੋਧ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਕੇਂਦਰ ਸਰਕਾਰ ਨੂੰ ਟੈਕਸ ਵਾਪਸ ਲੈਣ ਲਈ ਕਿਹਾ ਹੈ। 


ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਨੇੜੇ ਸਥਿਤ ਸਰਾਵਾਂ ‘ਤੇ 12% GST ਲਾਉਣ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਧਰਮ ਅਸਥਾਨ ਸਭ ਦੇ ਸਾਂਝੇ ਹੁੰਦੇ ਹਨ। ਇਹ ਟੈਕਸ ਸ਼ਰਧਾਲੂਆਂ ਦੀ ਸ਼ਰਧਾ ‘ਤੇ ਲਗਾਇਆ ਗਿਆ ਹੈ। ਕੇਂਦਰ ਨੂੰ ਅਪੀਲ ਹੈ ਕਿ ਤੁਰੰਤ ਇਸ ਫ਼ੈਸਲੇ ਨੂੰ ਵਾਪਸ ਲਿਆ ਜਾਵੇ।






ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪੇਜ ਉੱਪਰ ਪੋਸਟ ਪਾ ਕੇ ਕਿਹਾ ਗਿਆ ਹੈ ਕਿ ਨਰੇਂਦਰ ਮੋਦੀ-ਸਿੱਖ ਵਿਰੋਧੀ। ਹੁਣ ਧਰਮਾਂ ‘ਤੇ ਵੀ ਟੈਕਸ ਲਗਾਉਣ ਦੀ ਤਿਆਰੀ ‘ਚ ਭਾਜਪਾ ਸਰਕਾਰ।






 


ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ 'ਚ ਸਰਾਵਾਂ 'ਤੇ GST ਲਾਉਣਾ ਗਲਤ ਹੈ। ਹਰਜੀਤ ਗਰੇਵਾਲ ਨੇ ਕਿਹਾ ਕਿ ਸਰਕਾਰ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਪਿੱਛੇ ਦੇਸ਼ ਦੀ ਸਰਕਾਰ ਦੀ ਕੋਈ ਮਨਸ਼ਾ ਨਹੀਂ ਸੀ ਇਹ ਸਿਰਫ ਅਧਿਕਾਰੀਆਂ ਦੀ ਗਲਤੀ ਸੀ। ਜਿਸ ਥਾਂ 'ਤੇ ਕੋਈ ਬਿਜਨੈੱਸ ਨਹੀਂ ਹੋ ਰਿਹਾ ਧਾਰਮਿਕ ਭਾਵਨਾਵਾਂ ਨਾਲ ਕੰਮ ਹੋ ਰਿਹਾ ਹੈ ਉੱਥੇ ਜੀਐਸਟੀ ਨਹੀਂ ਲਾਉਣੀ ਚਾਹੀਦੀ। ਇਹ ਸਿਰਫ ਇਕ ਧਰਮ ਨਹੀਂ ਸਾਰੇ ਧਰਮਾਂ ਦਾ ਮੁੱਦਾ ਹੈ ਦਰਬਾਰ ਸਾਹਿਬ 'ਚ ਜੀਐਸਟੀ ਨਹੀਂ ਲੱਗੇਗਾ ਤੇ ਇਸ ਵਾਪਸ ਲਿਆ ਜਾਵੇਗਾ।


ਧਿਆਨ ਯੋਗ ਹੈ ਕਿ 2022 'ਚ ਕੇਂਦਰ ਸਰਕਾਰ ਨੇ GST 'ਚ ਕਈ ਬਦਲਾਅ ਕੀਤੇ ਹਨ, ਜਿਸ 'ਚ ਦੇਸ਼ ਦੇ ਅੰਦਰ ਬਣੀਆਂ ਕਈਆਂ ਸਾਰੀਆਂ ਲਗਜ਼ਰੀ ਸਰਾਵਾਂ 'ਤੇ ਵੀ 12 ਫੀਸਦੀ ਟੈਕਸ ਲਗਾਇਆ। ਸ਼੍ਰੋਮਣੀ ਕਮੇਟੀ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਦਰਅਸਲ, SGPC ਅਧੀਨ ਬਣੇ ਸਾਰਾਗੜ੍ਹੀ ਨਿਵਾਸ, ਗੁਰੂ ਗੋਬਿੰਦ ਸਿੰਘ ਐਨਆਰਆਈ ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਅਤੇ ਮਾਤਾ ਭਾਗ ਕੌਰ ਨਿਵਾਸ ਸਾਰੇ 4 ਲਗਜ਼ਰੀ ਸ਼੍ਰੇਣੀ ਦੇ ਅਧੀਨ ਆਉਂਦੇ ਹਨ। ਇਨ੍ਹਾਂ 'ਚ ਰਹਿਣ ਲਈ ਲੋਕਾਂ ਨੂੰ 1000 ਤੋਂ 1100 ਰੁਪਏ ਦੇਣੇ ਪੈਂਦੇ ਹਨ ਪਰ ਕੇਂਦਰ ਦੇ ਹੁਕਮਾਂ ਮੁਤਾਬਕ ਹੁਣ ਉਨ੍ਹਾਂ ਨੂੰ 12 ਫੀਸਦੀ ਤੱਕ ਟੈਕਸ ਦੇਣਾ ਹੋਵੇਗਾ।