ਚੰਡੀਗੜ੍ਹ: ਸੂਬੇ 'ਚ ਹੋ ਰਹੀ ਅਪਰਾਧਕ ਗਤੀਵਿਧੀਆਂ ਤੇ ਹਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਮੁਹਾਲੀ 'ਚ ਪੁਲਿਸ ਦੀ ਬਿਲਡਿੰਗ ਉੱਪਰ ਹੋਏ ਹਮਲੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਸੂਬੇ ਦੀਆਂ ਅਹਿਮ ਇਮਾਰਤਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਹੈ। ਇਸ ਲਈ ਇਮਾਰਤਾਂ ਦੇ ਬਲੂਪ੍ਰਿੰਟ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਰਿਪੋਰਟ ਅਨੁਸਾਰ, ਪੁਲਿਸ ਨੇ ਰਾਜ ਦੇ 23 ਜ਼ਿਲ੍ਹਿਆਂ ਵਿੱਚ ਲਗਪਗ 170 ਅਜਿਹੀਆਂ ਇਮਾਰਤਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਲਈ ਲਗਪਗ 2000 ਕਰਮਚਾਰੀ ਤਾਇਨਾਤ ਕੀਤੇ ਜਾਣ ਦੀ ਯੋਜਨਾ ਹੈ।



ਸੂਤਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾਕੇ ਤੋਂ ਬਾਅਦ ਮੁਹਾਲੀ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ 'ਤੇ ਹਮਲਾ ਧਮਾਕੇ ਦੀ ਦੂਜੀ ਘਟਨਾ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਮੁਹਾਲੀ ਧਮਾਕੇ ਦੀ ਘਟਨਾ ਨੂੰ ਵੀ ਅੱਤਵਾਦੀ ਘਟਨਾ ਨਾਲ ਜੋੜ ਕੇ ਦੇਖ ਰਹੀ ਹੈ ਪਰ ਪੁਲਿਸ ਨੇ ਅਜੇ ਤੱਕ ਅੱਤਵਾਦੀ ਹਮਲੇ ਦੀ ਪੁਸ਼ਟੀ ਨਹੀਂ ਕੀਤੀ।

ਇਸ ਮਗਰੋਂ ਡੀਜੀਪੀ ਨੇ ਹਰੇਕ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਚੌਕਸ ਰਹਿਣ ਤੇ ਆਪਣੇ-ਆਪਣੇ ਖੇਤਰਾਂ ਵਿੱਚ ਮਹੱਤਵਪੂਰਨ ਥਾਵਾਂ ਤੇ ਇਮਾਰਤਾਂ 'ਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇੱਕ ਰਿਪੋਰਟ ਅਨੁਸਾਰ ਮੁਹਾਲੀ, ਫਿਰੋਜ਼ਪੁਰ ਨੂੰ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਦਕਿ ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਫਿਰੋਜ਼ਪੁਰ, ਪਟਿਆਲਾ ਜ਼ਿਲ੍ਹਿਆਂ ਨੂੰ ਅਤਿ ਸੰਵੇਦਨਸ਼ੀਲ ਸ਼੍ਰੇਣੀ ਵਿਚ ਰੱਖਿਆ ਗਿਆ ਹੈ।

ਰਿਪੋਰਟ ਅਨੁਸਾਰ ਮੁਹਾਲੀ ਵਿੱਚ ਸਭ ਤੋਂ ਵੱਧ 37 ਅਤਿ ਸੰਵੇਦਨਸ਼ੀਲ ਇਮਾਰਤਾਂ ਹਨ। ਦੂਜਾ ਸਥਾਨ ਅੰਮ੍ਰਿਤਸਰ ਦਾ ਹੈ, ਜਿੱਥੇ ਕਈ ਕੇਂਦਰੀ ਤੇ ਰਾਜ ਸੁਰੱਖਿਆ ਏਜੰਸੀਆਂ ਦੇ ਹੈੱਡਕੁਆਰਟਰ ਸਮੇਤ 17 ਅਤਿ ਸੰਵੇਦਨਸ਼ੀਲ ਇਮਾਰਤਾਂ ਹਨ।


ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ, 'ਨਸ਼ੇ ਖ਼ਿਲਾਫ਼ ਅਸੀਂ ਵੱਡੀ ਜੰਗ ਛੇੜ ਰਹੇ ਹਾਂ...ਨਸ਼ੇ ਦੇ ਵਪਾਰ 'ਤੇ ਫ਼ੁੱਲ ਸਟਾਪ ਲੱਗਣ ਤੱਕ ਰੁਕਾਂਗੇ ਨਹੀਂ...