Punjab News: ਪੰਥਕ ਸਿਆਸਤ ਸਬੰਧੀ ਭਲਕੇ ਵੱਡਾ ਦਿਨ ਹੈ। ਸੀਨੀਅਰ ਅਕਾਲੀ ਲੀਡਰ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਤੇ ਅਕਾਲੀ ਸਰਕਾਰ ਵੇਲੇ ਦੇ ਕੈਬਨਿਟ ਮੰਤਰੀਆਂ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਇਸ ਲਈ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਉਪਰ ਲੱਗੀਆਂ ਹੋਈਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਵਿੱਖ ਬੀਜੇਪੀ ਲੀਡਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਤਲਬ ਕੀਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਨੂੰ ਪੱਤਰ ਵੀ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਦੋ ਦਸੰਬਰ ਨੂੰ ਹੋਣ ਵਾਲੀ ਇਸ ਇਕੱਤਰਤਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਤੇ ਅਕਾਲੀ ਸਰਕਾਰ ਵੇਲੇ ਦੇ ਕੈਬਨਿਟ ਮੰਤਰੀਆਂ ਨੂੰ ਤਲਬ ਕੀਤਾ ਗਿਆ ਸੀ।
ਇਨ੍ਹਾਂ ਆਗੂਆਂ ਵਿੱਚ ਨਾਰਾਜ਼ ਹੋਏ ਧੜੇ ਦੇ ਆਗੂ ਵੀ ਸ਼ਾਮਲ ਹਨ। ਹੁਣ ਇਸੇ ਸੰਦਰਭ ਵਿੱਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਤਲਬ ਕਰ ਲਿਆ ਗਿਆ ਹੈ। ਸਿਰਸਾ ਨੂੰ ਅਕਾਲੀ ਸਰਕਾਰ ਵੇਲੇ ਕੈਬਨਿਟ ਰੈਂਕ ਮਿਲਿਆ ਹੋਇਆ ਸੀ। ਹਾਸਲ ਜਾਣਕਾਰੀ ਮੁਤਾਬਕ ਸਿਰਸਾ ਨੂੰ 2015 ਵਿੱਚ ਡੇਰਾ ਸਿਰਸਾ ਦੇ ਮੁਖੀ ਨੂੰ ਦਿੱਤੀ ਗਈ ਮੁਆਫੀ ਦੇ ਮਾਮਲੇ ਵਿੱਚ ਤਲਬ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਉਸ ਵੇਲੇ ਦੇ ਤਿੰਨ ਜਥੇਦਾਰਾਂ ਕੋਲੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਅਕਾਲੀ ਦਲ ਦੇ ਨਾਰਾਜ਼ ਧੜੇ ਵੱਲੋਂ ਪਹਿਲੀ ਜੁਲਾਈ ਨੂੰ ਅਕਾਲ ਤਖ਼ਤ ਵਿਖੇ ਪੱਤਰ ਦੇ ਕੇ ਸੁਖਬੀਰ ਬਾਦਲ ਖ਼ਿਲਾਫ਼ ਦੋਸ਼ ਲਾਏ ਗਏ ਸਨ ਕਿ ਅਕਾਲੀ ਸਰਕਾਰ ਵੇਲੇ 2015 ਵਿੱਚ ਡੇਰਾ ਸਿਰਸਾ ਦੇ ਮੁਖੀ ਨੂੰ ਬਿਨਾਂ ਮੰਗੇ ਮੁਆਫੀ ਦਿੱਤੀ ਗਈ ਸੀ, ਜਿਸ ਦਾ ਸਿੱਖ ਸੰਗਤ ਨੇ ਭਾਰੀ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਡੇਰਾ ਮੁਖੀ ਖ਼ਿਲਾਫ਼ ਦਰਜ ਕੇਸ ਵਾਪਸ ਲੈਣਾ, ਬੇਅਦਬੀ ਦੇ ਮਾਮਲੇ ’ਤੇ ਹੋਰ ਗੰਭੀਰ ਦੋਸ਼ ਸ਼ਾਮਲ ਸਨ।
ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਉਸ ਵੇਲੇ ਦੇ ਤਿੰਨ ਜਥੇਦਾਰਾਂ ਕੋਲੋਂ ਮੰਗੇ ਗਏ ਸਪੱਸ਼ਟੀਕਰਨ ਦੇ ਮਾਮਲੇ ਵਿੱਚ ਤਿੰਨੋਂ ਸਾਬਕਾ ਜਥੇਦਾਰਾਂ ਵੱਲੋਂ ਆਪਣਾ ਲਿਖਤੀ ਸਪੱਸ਼ਟੀਕਰਨ ਅਕਾਲ ਤਖਤ ਵਿਖੇ ਸੌਂਪ ਦਿੱਤਾ ਗਿਆ ਹੈ। ਇਨ੍ਹਾਂ ਸਾਬਕਾ ਜਥੇਦਾਰਾਂ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਇਕਬਾਲ ਸਿੰਘ ਸ਼ਾਮਲ ਹਨ। ਇਹ ਸਪੱਸ਼ਟੀਕਰਨ ਸਬੰਧੀ ਪੱਤਰ ਲਿਫ਼ਾਫ਼ੇ ਵਿੱਚ ਬੰਦ ਹਨ, ਜਿਨ੍ਹਾਂ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਹੀ ਖੋਲ੍ਹਿਆ ਜਾਵੇਗਾ।