ਚੰਡੀਗੜ੍ਹ: ਪੰਜਾਬ ਸਰਕਾਰ ਨੇ ਊਨਾ ਵਿਖੇ ਗੋਬਿੰਦ ਸਾਗਰ ਝੀਲ ਵਿੱਚ ਡੁੱਬ ਕੇ ਮਰੇ ਬਨੂੜ ਦੇ 7 ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰੀਲੀਫ ਫੰਡ ਵਿੱਚੋਂ 1-1 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਹ ਨੌਜਵਾਨ ਊਨਾ ਵਿਖੇ ਘੁੰਮਣ ਗਏ ਸੀ ਤੇ ਗੋਬਿੰਦ ਸਾਗਰ ਝੀਲ ਵਿੱਚ ਨਹਾਉਂਦੇ ਵੇਲੇ ਡੁੱਬ ਕੇ ਮਰ ਗਏ ਸੀ। 


ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਵੈਸੇ ਤਾਂ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਕਿਸੇ ਵੀ ਕਰੰਸੀ ਵਿੱਚ ਨਾਪੀ ਨਹੀਂ ਜਾ ਸਕਦੀ। ਫਿਰ ਵੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਉਨ੍ਹਾਂ ਦਾ ਦੁੱਖ ਘੱਟ ਹੋ ਜਾਂਦਾ ਹੈ। ਗੋਬਿੰਦ ਸਾਗਰ ਝੀਲ ਵਿੱਚ ਡੁੱਬ ਕੇ ਮਰੇ ਬਨੂੜ ਦੇ 7 ਨੌਜਵਾਨਾਂ ਦੇ ਹਰੇਕ ਪਰਿਵਾਰ ਨੂੰ ਮੁੱਖ ਮੰਤਰੀ ਰੀਲੀਫ ਫੰਡ ਵਿੱਚੋਂ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। 






ਜਾਣਕਾਰੀ ਮੁਤਾਬਕ ਮਾਰੇ ਗਏ ਨੌਜਵਾਨਾਂ ਵਿੱਚੋਂ ਇੱਕ ਦੀ ਉਮਰ ਲਗਭਗ 30 ਸਾਲ ਜਦਕਿ ਬਾਕੀ ਸਾਰਿਆਂ ਦੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਸੀ।ਜਾਣਕਾਰੀ ਮੁਤਾਬਕ 11 ਜਣਿਆਂ ਦਾ ਗਰੁੱਪ ਇੱਥੇ ਝੀਲ ਉਤੇ ਘੁੰਮਣ ਆਇਆ ਸੀ। ਬਾਅਦ ਵਿੱਚ ਉਹ ਝੀਲ ਵਿੱਚ ਤੈਰਨ ਲੱਗ ਪਏ। ਦੱਸਿਆ ਜਾ ਰਿਹਾ ਹੈ ਇਹ ਘਟਨਾ ਲਗਭਗ 3.40 ਵਜੇ ਵਾਪਰੀ।


ਤੈਰਦੇ ਸਮੇਂ ਡੁੱਬ ਰਹੇ ਇੱਕ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਛੇ ਹੋਰ ਵੀ ਡੁੱਬ ਗਏ ਜਦਕਿ ਚਾਰ ਜਾਣੇ ਬਚ ਕੇ ਨਿਕਲਣ ਵਿੱਚ ਸਫਲ ਹੋ ਗਏ।ਪ੍ਰਸ਼ਾਸਨ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ ਇਕੋ ਪਰਿਵਾਰ ਦੇ ਚਾਰ ਨੌਜਵਾਨ ਸ਼ਾਮਲ ਸਨ।