Punjab News: ਬਲਾਤਕਾਰ ਦੇ ਦੋਸ਼ੀ ਨੂੰ ਫੜਨ ਲਈ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਪੁਲਿਸ ਟੀਮ ਜਦੋਂ ਪੰਜਾਬ 'ਚ ਫਿਰੋਜ਼ਪੁਰ ਜ਼ਿਲ੍ਹੇ ਦੇ ਜਲਾਲਾਬਾਦ ਪਹੁੰਚੀ ਤਾਂ ਪਰਿਵਾਰ ਨੇ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ ਤੇ ਮੁਲਜ਼ਮ ਸੋਨੂੰ ਨੂੰ ਛੁਡਾ ਕੇ ਲੈ ਗਏ। ਹਰਿਆਣਾ ਪੁਲਿਸ ਨੇ ਜਲਾਲਾਬਾਦ ਦੇ ਪਿੰਡ ਚੱਕ ਬਜੀਦਾ (ਟਾਹਲੀਵਾਲਾ) ਵਿੱਚ ਰੇਪ ਦੇ ਦੋਸ਼ੀ ਨੂੰ ਫੜਨ ਲਈ ਦਬਿਸ਼ ਦਿੱਤੀ ਸੀ ਪਰ ਇਸ ਦੌਰਾਨ ਦੋਸ਼ੀ ਦੇ ਪਰਿਵਾਰ  ਨੇ ਮਹਿਲਾ ਇੰਸਪੈਕਟਰ ਦੀ ਵਰਦੀ ਪਾੜ ਦਿੱਤੀ ਤੇ ਇੱਕ ਹੋਰ ਪੁਲਿਸ ਮੁਲਾਜ਼ਮ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਦੂਜੇ ਪਾਸੇ ਹਿਸਾਰ ਪੁਲਿਸ ਦੀ ਸ਼ਿਕਾਇਤ 'ਤੇ ਸਦਰ ਥਾਣਾ ਪੁਲਿਸ ਨੇ ਵੀਰਵਾਰ ਨੂੰ 8 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



ਜਨਵਰੀ 'ਚ ਕੇਸ ਹੋਇਆ ਸੀ ਦਰਜ
ਹਿਸਾਰ (ਹਰਿਆਣਾ) ਥਾਣੇ ਦੀ ਇੰਸਪੈਕਟਰ ਸਰੋਜ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ 4 ਜਨਵਰੀ 2022 ਨੂੰ ਇੱਕ ਔਰਤ ਨੇ ਸੋਨੂੰ ਸਿੰਘ ਵਾਸੀ ਚੱਕ ਬਜੀਦਾ (ਟਾਹਲੀਵਾਲਾ) ਖ਼ਿਲਾਫ਼ ਹਿਸਾਰ ਥਾਣੇ ਵਿੱਚ ਬਲਾਤਕਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ ਤੇ ਸੋਨੂੰ ਦੀ ਭਾਲ 'ਚ ਪੁਲਿਸ ਮੁਲਾਜ਼ਮ ਜਲਾਲਾਬਾਦ (ਪੰਜਾਬ) ਪਹੁੰਚੇ ਤੇ ਪੁਲਿਸ ਚੌਕੀ ਘੁਬਾਇਆ 'ਤੇ ਮਾਮਲਾ ਦਰਜ ਕਰ ਕੇ ਪਿੰਡ ਚੱਕ ਬਜੀਦਾ ਵਿਖੇ ਪਹੁੰਚ ਗਏ।

ਜਾਣਕਾਰੀ ਅਨੁਸਾਰ ਮੰਗਲ ਸਿੰਘ ਵਾਸੀ ਚੱਕ ਬਜੀਦਾ ਦੇ ਘਰ ਛਾਪਾ ਮਾਰਿਆ ਗਿਆ। ਮੁਲਜ਼ਮ ਸੋਨੂੰ ਸਿੰਘ ਉਸ ਸਮੇਂ ਮੰਗਲ ਦੇ ਘਰ ਦੇ ਵਿਹੜੇ ਵਿੱਚ ਮੰਜੇ ’ਤੇ ਸੌਂ ਰਿਹਾ ਸੀ। ਜਦੋਂ ਟੀਮ ਨੇ ਦੋਸ਼ੀ ਸੋਨੂੰ ਨੂੰ ਖੜ੍ਹਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ। ਜਦੋਂ ਟੀਮ ਉਸ ਨੂੰ ਹਿਰਾਸਤ ਵਿੱਚ ਲੈਣ ਲੱਗੀ ਤਾਂ ਸੋਨੂੰ ਨੇ ਰੌਲਾ ਪਾ ਕੇ ਪਰਿਵਾਰ ਨੂੰ ਬੁਲਾ ਲਿਆ।

ਇਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ ਗਿਆ। ਸਾਰੇ ਮੁਲਜ਼ਮ ਹਿਸਾਰ ਪੁਲਿਸ ਦੀ ਗ੍ਰਿਫ਼ਤ ’ਚੋਂ ਮੁਲਜ਼ਮ ਸੋਨੂੰ ਨੂੰ ਛੁਡਵਾ ਕੇ ਫਰਾਰ ਹੋ ਗਏ। ਪੁਲਿਸ ਨੇ ਮੁਲਜ਼ਮ ਮਹਿੰਦਰ, ਸੋਨੂੰ, ਮਹਿੰਦਰ ਦੀਆਂ ਦੋਵੇਂ ਧੀਆਂ ਸਮੇਤ ਚਾਰ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।