ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਰਿਵਾਰ ਸਮੇਤ ਪਿੰਡ ਸਤੌਜ ਪਹੁੰਚੇ। ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਸੀ, ਪੂਰੇ ਪਿੰਡ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ, ਮੁੱਖ ਮੰਤਰੀ ਮਾਨ ਪਰਿਵਾਰ ਸਮੇਤ ਪਿੰਡ ਦੇ ਸਾਰੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਿਆ ਗਿਆ।
ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸੀ.ਐੱਮ.ਭਗਵੰਤ ਮਾਨ ਨੇ ਪਰਿਵਾਰ ਸਮੇਤ ਲੰਗਰ ਹਾਲ ਵਿੱਚ ਬੈਠ ਕੇ ਲੰਗਰ ਛਕਿਆ।
ਲੰਗਰ ਛਕਣ ਤੋਂ ਬਾਅਦ ਸੀਐੱਮ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ। ਜਿੱਥੇ ਉਹਨਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਸਾਦੇ ਵਿਆਹ ਕਰਨ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਕਰਜ਼ੇ ਲੈ ਕੇ ਵਿਆਹ ਕਰਨੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰਦਾ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਸੰਬੋਧਨ 'ਚ ਸੀਐੱਮ ਨੇ ਹੋਰ ਕਈ ਵਾਅਦੇ ਪਿੰਡ ਵਾਸੀਆਂ ਨਾਲ ਕੀਤੇ।
ਪਿੰਡਾਂ ਦੇ ਰੂਟ ਹੋਣਗੇ ਬਹਾਲ
ਸੀਐੱਮ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਬੰਦ ਕੀਤੀਆਂ ਗਈ ਪਿੰਡਾਂ ਦੀ ਬੱਸਾਂ ਮੁੜ ਚਲਾਈਆਂ ਜਾਣਗੀਆਂ । ਕਿਸੇ ਵੀ ਮੁਸਾਫਰ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਪਿੰਡਾਂ 'ਚ ਹੋਵੇਗਾ 90 ਫੀਸਦ ਬਿਮਾਰੀਆਂ ਦਾ ਇਲਾਜ
ਸੀਐੱਮ ਨੇ ਕਿਹਾ ਕਿ ਹੁਣ ਪੈਸੇ ਕਾਰਨ ਕਿਸੇ ਦੀ ਬਿਮਾਰੀ ਦਾ ਇਲਾਜ ਨਹੀਂ ਰੁਕੇਗਾ। ਹਰ ਪਿੰਡਾਂ ਦੇ ਮੁਹੱਲਾ ਕਲੀਨਕਾਂ 'ਚ ਮੁਫਤ ਇਲਾਜ ਕੀਤਾ ਜਾਵੇਗਾ। ਨਾਲ ਹੀ ਬੁਢਾਪਾ ਪੈਨਸ਼ਨ ਲਈ ਬੈਂਕ ਜਾਣ ਦੀ ਲੋੜ ਨਹੀਂ ਪਵੇਗੀ। ਬੈਂਕ ਕਰਮਚਾਰੀ ਖੁਦ ਪਿੰਡ ਆ ਕੇ ਬਜੁਰਗਾਂ ਨੂੰ ਪੈਨਸ਼ਨ ਦੇਣਗੇ।