ਤਰਨਤਾਰਨ : ਪੰਜਾਬ  'ਚ ਆਏ ਦਿਨ ਨੌਜਵਾਨ ਨਸ਼ਿਆਂ ਦੀ ਬਲੀ ਚੜ੍ਹ ਰਹੇ ਹਨ। ਇੱਕ ਹੋਰ ਮਾਮਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਹੋਰ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਗਿਆ ਹੈ। ਮ੍ਰਿਤਕ ਦੀ ਪਛਾਣ 30 ਸਾਲਾਂ ਜਤਿੰਦਰ ਸਿੰਘ ਵਜੋ ਹੋਈ ਹੈ। ਨਸ਼ੇ ਕਾਰਨ ਹਾਲਤ ਵਿਗੜ ਜਾਣ ਕਰਕੇ ਉਸਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਸਦੀ ਮੌਤ ਹੋ ਗਈ । 



ਦੱਸਿਆ ਜਾ ਰਿਹਾ ਹੈ ਕਿ 4 ਸਾਲ ਪਹਿਲਾਂ ਮ੍ਰਿਤਕ ਜਤਿੰਦਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਦੀ ਵੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਮ੍ਰਿਤਕ ਦੀ ਪਤਨੀ ਵੀ ਨਸ਼ਿਆਂ ਕਾਰਣ ਉਸਨੂੰ ਛੱਡ ਕੇ ਜਾ ਚੁੱਕੀ ਹੈ ਜਤਿੰਦਰ ਸਿੰਘ ਦੇ ਦੋ ਬੱਚੇ ਹਨ।



 ਮ੍ਰਿਤਕ ਨੌਜਵਾਨ ਦੀ ਮਾਂ ਨੇ ਸਰਕਾਰ 'ਤੇ ਸਵਾਲ ਚੁਕਦੇ ਹੋਏ ਕਿਹਾ ਕਿ ਲੋਕਾਂ ਨੇ ਬਦਲਾਅ ਲਈ ਨਵੀਂ ਸਰਕਾਰ ਲਿਆਂਦੀ ਸੀ ਪਰ ਪੱਟੀ ਵਿਚੋਂ ਨਸ਼ਾ ਖ਼ਤਮ ਨਹੀਂ ਹੋ ਰਿਹਾ । ਉਹਨਾਂ ਕਿਹਾ ਕਿ ਨਸ਼ਾ ਖਤਮ ਕਰਨ ਲਈ ਲੋਕਾਂ ਵੱਲੋਂ 'ਆਪ' ਨੂੰ ਵੋਟਾਂ ਪਾਈਆਂ ਸਨ ਪਰ ਨਸ਼ੇ ਖ਼ਤਮ ਕਰਨ ਲਈ ਕੁਝ ਨਹੀਂ ਕੀਤਾ ਗਿਆ ਜਦਕਿ ਇਸ ਨਸ਼ੇ ਕਾਰਨ ਨੌਜਵਾਨ ਮੁੱਕ ਰਹੇ ਹਨ।



ਇਸ ਬਾਰੇ ਮ੍ਰਿਤਕ ਦੀ ਮਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸਦਾ ਲੜਕਾ ਚਿੱਟੇ ਦਾ ਨਸ਼ਾ ਕਰਦਾ ਸੀ ਅਤੇ ਟੀਕੇ ਵੀ ਲਗਾਉਂਦਾ ਸੀ ਜਿਸ ਕਰਕੇ ਉਸਦਾ ਦਿਮਾਗ ਸੁੰਨ ਹੋ ਗਿਆ । ਉਹਨਾਂ ਦੱਸਿਆ 4 ਸਾਲ ਪਹਿਲਾਂ ਵੀ ਉਸਦਾ ਇਹ ਪੁੱਤ ਨਸ਼ੇ ਕਾਰਨ ਮਰ ਚੁੱਕਾ ਹੈ ਅਤੇ ਉਸਦੀਆਂ ਨੂੰਹਾਂ ਘਰ ਛੱਡ ਕੇ ਜਾ ਚੁੱਕੀਆਂ ਹਨ ਹੁਣ ਉਹ ਘਰ ਵੀ ਇਕੱਲੀ ਰਹਿ ਗਈ । ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ਿਆਂ ਦਾ ਖਾਤਮਾ ਕਰ ਬਾਕੀ ਨੌਜਵਾਨੀ ਨੂੰ ਖ਼ਤਮ ਹੋਣ ਤੋਂ ਬਚਾਇਆ ਜਾਵੇ।