ਸ਼ੰਕਰ ਦਾਸ ਦੀ ਰਿਪੋਰਟ

Punjab News : ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਤਾਪਮਾਨ ਵਿੱਚ ਗਿਰਾਵਟ ਆਉਣ ਤੋਂ ਬਾਅਦ ਠੰਡ ‘ਚ ਵਾਧਾ ਹੋਇਆ ਹੈ ਅਤੇ ਸੰਘਣੀ ਧੁੰਦ ਦਾ ਕਹਿਰ ਵੀ ਜਾਰੀ ਹੈ। ਪੰਜਾਬ ਵਿੱਚ ਅੱਜ ਸਵੇਰੇ 5 ਵਜੇ ਤੋਂ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਟਰੈਫਿਕ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਧੁੰਦ ਦੇ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਹੈ। ਧੁੰਦ ਕਾਰਨ ਕੰਮਾਂਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


 

ਅੱਜ ਐਤਵਾਰ (25 ਦਸੰਬਰ) ਸਵੇਰ ਤੋਂ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਸੰਘਣੀ ਧੁੰਦ ਛਾਈ ਰਹੀ ਹੈ। ਅਗਲੇ 4 ਦਿਨਾਂ ਤੱਕ ਇਸ ਦੀਆਂ ਸਬ-ਡਵੀਜ਼ਨਾਂ ਦੇ ਵੱਖ-ਵੱਖ ਖੇਤਰਾਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਉੱਤਰ-ਪੱਛਮੀ ਮੈਦਾਨੀ ਇਲਾਕਿਆਂ 'ਚ ਹੇਠਲੇ ਟਰਪੋਸਫੇਰਿਕ ਪੱਧਰ 'ਤੇ ਜ਼ਿਆਦਾ ਨਮੀ ਰਹੇਗੀ। ਇਸ ਦਾ ਅਸਰ ਮੌਸਮ 'ਚ ਦੇਖਣ ਨੂੰ ਮਿਲੇਗਾ।  ਵਧਦੀ ਠੰਡ ਦੇ ਮੱਦੇਨਜ਼ਰ ਇਹ ਸਿਲਸਿਲਾ ਹੋਰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।

 

ਸੰਘਣੀ ਧੁੰਦ ਦੀ ਸੰਭਾਵਨਾ

ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਘਣੀ ਧੁੰਦ ਦੀ ਵੀ ਸੰਭਾਵਨਾ ਹੈ। ਐਤਵਾਰ (25 ਦਸੰਬਰ) ਤੜਕੇ ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ, ਪੱਛਮੀ ਬੰਗਾਲ ਅਤੇ ਸਿੱਕਮ, ਉੜੀਸਾ, ਅਸਾਮ ਅਤੇ ਤ੍ਰਿਪੁਰਾ ਵਿੱਚ ਹੋਰ ਧੁੰਦ ਪੈਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ 25 ਅਤੇ 26 ਦਸੰਬਰ ਨੂੰ ਦਿਨ ਅਤੇ ਰਾਤ ਦੇ ਸਮੇਂ ਧੁੰਦ ਵਿੱਚ ਕਮੀ ਆਵੇਗੀ। ਭਾਰਤੀ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਅਲੱਗ-ਥਲੱਗ ਹਿੱਸਿਆਂ, ਚੰਡੀਗੜ੍ਹ ਅਤੇ ਦਿੱਲੀ ਵਿੱਚ ਸੀਤ ਲਹਿਰ ਦੇ ਹਾਲਾਤ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਬਹੁਤ ਜ਼ਿਆਦਾ ਠੰਡੇ ਦਿਨ ਰਹਿਣ ਦੀ ਸੰਭਾਵਨਾ ਹੈ।


ਮੋਹਾਲੀ , ਸੰਗਰੂਰ  , ਬਰਨਾਲਾ ,ਅੰਮ੍ਰਿਤਸਰ, ਜਲੰਧਰ, ਬਠਿੰਡਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦੀ ਚਾਦਰ ਵਿਖਾਈ ਦੇ ਰਹੀ ਹੈ। ਸਵੇਰ ਵੇਲੇ ਪਈ ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇ ਰੋਡ ਸੁੰਨੇ ਦਿਖਾਈ ਦਿੱਤੇ। ਕੰਮਕਾਜ ਤੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗੱਡੀਆਂ ਦੀ ਰਫ਼ਤਾਰ ਧੀਮੀ ਹੋਣ ਕਾਰਨ ਰਾਹਗੀਰਾਂ ਆਪਣੀ ਮੰਜ਼ਿਲ ਉਤੇ ਪਹੁੰਚਣ ਲਈ ਦੇਰ ਹੁੰਦੀ ਨਜ਼ਰ ਆਈ। ਸਕੂਲ ਜਾਣ ਸਮੇਂ ਬੱਚਿਆਂ ਨੂੰ ਕਾਫੀ ਦਿੱਕਤ ਪੇਸ਼ ਆਈ।

 


ਮੌਸਮ ਵਿਭਾਗ ਦੀ ਸਲਾਹ

ਮੌਸਮ ਵਿਭਾਗ ਨੇ ਲੋਕਾਂ ਨੂੰ ਗਰਮ ਊਨੀ ਕੱਪੜੇ ਪਾਉਣ ਦੀ ਸਲਾਹ ਦਿੱਤੀ ਹੈ। ਆਪਣੇ ਸਿਰ, ਗਰਦਨ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਢੁਕਵੇਂ ਢੰਗ ਨਾਲ ਢੱਕੋ। ਭਾਰੀ ਕਪੜਿਆਂ ਦੀ ਇੱਕ ਪਰਤ ਦੀ ਬਜਾਏ ਢਿੱਲੇ-ਫਿਟਿੰਗ ਕੱਪੜੇ ਦੀਆਂ ਕਈ ਪਰਤਾਂ ਪਾਓ। ਵਿਟਾਮਿਨ-ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਓ ਅਤੇ ਭਰਪੂਰ ਮਾਤਰਾ ਵਿੱਚ ਤਰਲ ਪਦਾਰਥ ਪੀਓ। ਜ਼ਹਿਰੀਲੇ ਧੂੰਏਂ ਤੋਂ ਬਚਣ ਲਈ ਹੀਟਰ ਦੀ ਵਰਤੋਂ ਕਰਦੇ ਸਮੇਂ ਹਵਾਦਾਰੀ ਦਾ ਧਿਆਨ ਰੱਖੋ।