ਬਠਿੰਡਾ:  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਗੈਂਗਸਟਰ ਸਾਰਜ ਸੰਧੂ ਅਤੇ ਸਾਗਰ ਦੀ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਕੁੱਟਮਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਘਟਨਾ 30 ਜੁਲਾਈ ਦੀ ਦੱਸੀ ਜਾ ਰਹੀ ਹੈ। ਥਾਣਾ ਕੈਂਟ ਦੀ ਪੁਲੀਸ ਨੇ ਜੇਲ੍ਹ ਅਧਿਕਾਰੀ ਸੁਰਿੰਦਰਪਾਲ ਸਿੰਘ ਦੇ ਬਿਆਨਾਂ ’ਤੇ ਗੈਂਗਸਟਰਾਂ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਸੂਤਰਾਂ ਮੁਤਾਬਕ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿਵੇਂ ਹੀ ਸਾਗਰ ਅਤੇ ਸਾਰਜ ਦਾ ਨਾਂ ਸਾਹਮਣੇ ਆਇਆ ਤਾਂ ਇਸ ਜੇਲ 'ਚ ਬੰਦ ਹੋਰ ਗੈਂਗਸਟਰਾਂ ਵੱਲੋਂ ਦੋਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ। ਇਸ ਕਾਰਨ ਦੋਵਾਂ ਗੈਂਗਸਟਰਾਂ ਦੀ ਕੁੱਟਮਾਰ ਕੀਤੀ ਗਈ। 


ਸਾਰਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਹੈ। ਇਸ ਨੇ ਮੂਸੇਵਾਲਾ ਨੂੰ ਮਾਰਨ ਲਈ ਗੱਡੀ ਮੁਹੱਈਆ ਕਰਵਾਈ। ਪੁਲੀਸ ਨੇ ਉਸ ਨੂੰ ਰਿਮਾਂਡ ’ਤੇ ਲਿਆ ਕੇ ਪੁੱਛਗਿੱਛ ਵੀ ਕੀਤੀ ਸੀ। ਸਾਰਜ ਮਿੰਟੂ ਅਤੇ ਸਾਗਰ ਨੂੰ ਜੇਲ੍ਹ ਹਸਪਤਾਲ ਵਿੱਚ ਹੀ ਦਾਖ਼ਲ ਕਰਵਾਇਆ ਗਿਆ ਹੈ। ਬਠਿੰਡਾ ਪੁਲੀਸ ਨੇ ਕੁੱਟਮਾਰ ਦੇ ਮਾਮਲੇ ਵਿੱਚ ਗੈਂਗਸਟਰ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਜੇਲ੍ਹ  'ਚ ਸੋਸ਼ਲ ਮੀਡੀਆ  'ਤੇ ਅਪਲੋਡ ਕੀਤੀ ਸੀ ਫੋਟੋ 


ਗੈਂਗਸਟਰ ਸਾਰਜ ਨੇ ਕਰੀਬ ਇੱਕ ਮਹੀਨਾ ਪਹਿਲਾਂ ਜੇਲ੍ਹ ਅੰਦਰ ਦੀ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਵੀ ਕੀਤੀ ਸੀ। ਸਾਰਜ ਅਤੇ ਸਾਗਰ 'ਤੇ ਮੂਸੇਵਾਲਾ ਕਤਲ ਕਾਂਡ 'ਚ ਸਾਜ਼ਿਸ਼ ਰਚਣ ਦਾ ਦੋਸ਼ ਹੈ


ਦੱਸ ਦੇਈਏ ਕਿ 29 ਮਈ ਨੂੰ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ਪੁਲਿਸ ਨੇ ਮੁਲਜ਼ਮ ਗੈਂਗਸਟਰ ਸਾਰਜ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਲਈ ਲਿਆਂਦਾ ਸੀ। ਮੁਲਜ਼ਮ ਦਾ ਨਾਂ ਮੂਸੇਵਾਲਾ ਕਤਲ ਕਾਂਡ ਨਾਲ ਜੁੜਿਆ ਹੋਇਆ ਹੈ ਅਤੇ ਮੁਲਜ਼ਮਾਂ ਦੇ ਇਸ਼ਾਰੇ ’ਤੇ ਮਨਪ੍ਰੀਤ ਭਾਊ ਨੇ ਗੈਂਗਸਟਰਾਂ ਰੂਪਾ ਅਤੇ ਮਨੀ ਨੂੰ ਕੋਰੋਲਾ ਗੱਡੀ ਮੁਹੱਈਆ ਕਰਵਾਈ ਸੀ।