Punjab News :  ਮਾਨਸਾ ਸੀਨੀਅਰ ਕਪਤਾਨ ਪੁਲਿਸ ਵੱਲੋਂ ਇੰਸਪੈਕਟਰ ਜਗਦੀਸ਼ ਕੁਮਾਰ ਨੂੰ ਮਾਨਸਾ ਸੀਆਈਏ ਸਟਾਫ (Mansa CIA staff) ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦਰਅਸਲ 'ਚ ਗੈਂਗਸਟਰ ਟੀਨੂ ਦੇ ਫਰਾਰ ਹੋਣ ਤੋਂ ਬਾਅਦ ਪੰਜਾਬ ਡੀਜੀਪੀ ਦੇ ਹੁਕਮਾਂ ਤੋਂ ਬਾਅਦ ਪ੍ਰਿਤਪਾਲ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।

 

ਦੱਸ ਦੇਈਏ ਕਿ ਦੀਪਕ ਟੀਨੂੰ ਐਤਵਾਰ ਸਵੇਰੇ ਮਾਨਸਾ ਪੁਲਿਸ ਦੀ ਸੀਆਈਏ ਯੂਨਿਟ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਪੰਜਾਬ ਪੁਲਿਸ ਨੇ ਮਾਨਸਾ ਸੀਆਈਏ ਯੂਨਿਟ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰੀਤਪਾਲ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ। ਪ੍ਰੀਤਪਾਲ ਸਿੰਘ ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਵੀ ਮੈਂਬਰ ਸੀ। 

 

ਪ੍ਰੀਤਪਾਲ ਅਤੇ ਟੀਨੂੰ ਖ਼ਿਲਾਫ਼ ਥਾਣਾ ਸਿਟੀ-1 ਮਾਨਸਾ ਵਿਖੇ ਆਈਪੀਸੀ ਦੀ ਧਾਰਾ 222, 224, 225ਏ ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਿਰਾਸਤ 'ਚੋਂ ਫਰਾਰ ਹੋਣ ਦੇ ਕਰੀਬ 48 ਘੰਟੇ ਬਾਅਦ ਵੀ ਪੰਜਾਬ ਪੁਲਿਸ ਦੇ ਹੱਥ ਖਾਲੀ ਹਨ। ਇਸ ਦੇ ਨਾਲ ਹੀ ਐਸਆਈ ਪ੍ਰੀਤਪਾਲ ਸਿੰਘ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ।

 


 

ਇਸ ਮਾਮਲੇ ਵਿੱਚ ਦਰਜ ਐਫਆਈਆਰ ਵਿੱਚ ਐਸਆਈ ਪ੍ਰੀਤਪਾਲ ਸਿੰਘ ਇੱਕ ਕਤਲ ਕੇਸ ਵਿੱਚ ਗੈਂਗਸਟਰ ਟੀਨੂੰ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਸੀਆਈਏ ਥਾਣੇ 'ਚੋ ਲੈ ਗਿਆ ਸੀ, ਜਿਸ ਦੌਰਾਨ ਗੈਂਗਸਟਰ ਉਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਇਹ ਵੀ ਦੋਸ਼ ਹੈ ਕਿ ਮੁਲਜ਼ਮ ਇੱਕ ਸਾਜ਼ਿਸ਼ ਤਹਿਤ ਐਸਆਈ ਪ੍ਰੀਤਪਾਲ ਸਿੰਘ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਸੀਆਈਏ ਇੰਚਾਰਜ ਉਸ ਨੂੰ ਆਪਣੀ ਨਿੱਜੀ ਗੱਡੀ ਵਿੱਚ ਇਕੱਲਾ ਲੈ ਗਿਆ ਸੀ।

ਦੀਪਕ ਕੁਮਾਰ ਉਰਫ ਟੀਨੂੰ ਨੇ 11 ਸਾਲ ਪਹਿਲਾਂ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਕੁਝ ਦਿਨ ਪਹਿਲਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਭਿਵਾਨੀ ਸਥਿਤ ਤੇਜੀਵਾੜਾ ਸਥਿਤ ਰਿਹਾਇਸ਼ 'ਤੇ ਵੀ ਛਾਪਾ ਮਾਰਿਆ ਸੀ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਵਿਚ ਟੀਨੂੰ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਸਮੇਤ ਅਸਲਾ ਐਕਟ ਦੇ 32 ਕੇਸ ਦਰਜ ਹਨ। ਦੀਪਕ ਉਰਫ ਟੀਨੂੰ ਕਰੀਬ 11 ਸਾਲ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਸੀ।