ਚੰਡੀਗੜ੍ਹ: ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਪੱਕਾ ਧਰਨਾ ਲਾ ਦਿੱਤਾ ਹੈ ਅਤੇ ਸਰਕਾਰ ਨੂੰ ਅੱਜ ਦੁਪਹਿਰ 3 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਸਰਕਾਰ ਵੱਲੋਂ ਮੀਟਿੰਗ ਨਾ ਬੁਲਾਈ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਵੱਲ ਕੂਚ ਕੀਤਾ ਜਾਵੇਗਾ। 


ਦਸ ਦਈਏ ਕਿ ਬੀਤੇ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਪੈਦਲ ਚੰਡੀਗੜ੍ਹ ਵੱਲ ਵਧ ਰਹੇ ਹਨ। ਮੋਹਾਲੀ ਪੁਲਿਸ ਵੱਲੋਂ ਲਗਾਏ ਗਏ ਪਹਿਲੇ ਬੈਰੀਕੇਡ ਨੂੰ ਤੋੜ ਕਿਸਾਨ ਅੱਗੇ ਵਧੇ ਹਨ ਹਾਲਾਂਕਿ ਉਨ੍ਹਾਂ ਨੂੰ ਮੁਹਾਲੀ ਪੁਲੀਸ ਨੇ ਦੂਜੇ ਬੈਰੀਕੇਡ ’ਤੇ ਕਿਸਾਨਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਕਿਸਾਨ ਉੱਥੇ ਹੀ ਧਰਨੇ 'ਤੇ ਬੈਠ ਗਏ ਹਨ। ਇਸ ਤੋਂ ਪਹਿਲਾਂ ਸਵੇਰੇ ਕਿਸਾਨਾਂ ਨੂੰ ਸੀਐਮ ਮਾਨ ਨਾਲ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਕਿਸਾਨਾਂ ਨੂੰ ਮਿਲੇ  ਬਿਨਾਂ ਸੀਐੱਮ ਦਿੱਲੀ ਲਈ ਰਵਾਨਾ ਹੋ ਗਏ ਸਨ। ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦਿੱਲੀ ਦੌਰਾ ਪਹਿਲਾਂ ਤੋਂ ਤੈਅ ਸੀ। ਕਿਸਾਨ ਅਧਿਕਾਰੀ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹਨ।


ਖੋਖਲੇ ਨਾਅਰੇ ਨਹੀਂ ਤੋੜ ਸਕਦੇ ਸੰਕਲਪ -ਸੀਐੱਮ


ਪੰਜਾਬ ਦੇ ਕਿਸਾਨ ਕਣਕ ਦੀ ਖਰੀਦ 'ਤੇ ਬੋਨਸ ਅਤੇ 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਸੂਬੇ ਦੀ ਰਾਜਧਾਨੀ ਜਾਣ ਤੋਂ ਰੋਕੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਚੰਡੀਗੜ੍ਹ-ਮੋਹਾਲੀ ਸਰਹੱਦ ਨੇੜੇ ਧਰਨੇ 'ਤੇ ਬੈਠ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਧਰਨੇ ਨੂੰ “ਅਣਉਚਿਤ ਅਤੇ ਅਣਇੱਛਤ” ਕਰਾਰ ਦਿੰਦਿਆਂ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਉਹ ਨਾਅਰੇਬਾਜ਼ੀ ਬੰਦ ਕਰਨ ਅਤੇ ਪੰਜਾਬ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਸੂਬਾ ਸਰਕਾਰ ਦਾ ਸਹਿਯੋਗ ਕਰਨ। ਮਾਨ ਨੇ ਕਿਹਾ ਕਿ ਕਿਸਾਨਾਂ ਲਈ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹਨ, ਪਰ “ਖੋਖਲੇ ਨਾਅਰੇ” ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਦੇ ਉਨ੍ਹਾਂ ਦੇ ਇਰਾਦੇ ਨੂੰ ਤੋੜ ਨਹੀਂ ਸਕਦੇ। ਉਹਨਾਂ ਨੇ ਕਿਹਾ ਕਿ ਉਹ ਇੱਕ ਕਿਸਾਨ ਦਾ ਪੁੱਤਰ ਹੈ ਅਤੇ ਫਸਲ ਉਤਪਾਦਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।


ਇਸ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਨੇ ਬੁੱਧਵਾਰ ਤੱਕ ਪ੍ਰਦਰਸ਼ਨਕਾਰੀਆਂ ਨਾਲ ਮੀਟਿੰਗ ਨਾ ਕੀਤੀ ਤਾਂ ਉਹ ਚੰਡੀਗੜ੍ਹ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ।


ਇੱਕ ਕਿਸਾਨ ਆਗੂ ਨੇ ਕਿਹਾ ਕਿ ਉਹ ਸੂਬਾ ਸਰਕਾਰ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ ਪਰ ਜੇਕਰ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਉਹ ਅੜਿੱਕੇ ਤੋੜ ਕੇ ਚੰਡੀਗੜ੍ਹ ਵੱਲ ਕੂਚ ਕਰਨਗੇ। ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਦਿੱਤੇ ਧਰਨੇ ਦੇ ਮੱਦੇਨਜ਼ਰ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ।