ਹੁਸ਼ਿਆਰਪੁਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੇ ਸ਼ਿਕੰਜੇ 'ਚ ਹੈ। ਜਿਸ ਨੂੰ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਰਿਮਾਂਡ  'ਤੇ ਲਿਆ ਗਿਆ ਹੈ ਅਤੇ ਅੱਜ ਇਹ ਤਿੰਨ ਦਿਨਾਂ ਰਿਮਾਂਡ ਖਤਮ ਹੋ ਰਿਹਾ ਹੈ ਜਿਸ ਤੋਂ ਬਾਅਦ ਅੱਜ ਉਸ ਨੂੰ ਦੁਬਾਰਾ ਅਦਾਲਤ  'ਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ । ਉੱਥੇ ਹੀ ਫ਼ਰੀਦਕੋਟ ਪੁਲਿਸ ਪਹਿਲਾਂ ਹੀ ਲੋਰਿਸ ਨੂੰ ਆਪਣੇ ਨਾਲ ਲਿਜਾਣ ਲਈ ਤਿਆਰ ਹੈ, ਜਿਸ ਕਾਰਨ ਫ਼ਰੀਦਕੋਟ ਪੁਲਿਸ ਦੀਆਂ ਗੱਡੀਆਂ ਅਦਾਲਤ ਦੇ ਬਾਹਰ ਖੜ੍ਹੀਆਂ ਹਨ |


ਹੁਣ ਵੇਖਣਾ ਹੋਏਗਾ ਕੀ ਹੁਸ਼ਿਆਰਪੁਰ ਪੁਲਿਸ ਅਦਾਲਤ ਤੋਂ ਬਿਸ਼ਨੋਈ ਦਾ ਹੋਰ ਰਿਮਾਂਡ ਮੰਗਦੀ ਹੈ ਜਾਂ ਨਹੀਂ। ਕੋਰਟ ਪਹਿਲਾਂ ਹੀ ਹੁਸ਼ਿਆਰਪੁਰ ਪੁਲਿਸ ਨੂੰ ਦੋ ਵਾਰ ਬਿਸ਼ਨੋਈ ਦਾ ਰਿਮਾਂਡ ਦੇ ਚੁੱਕਾ ਹੈ। 


ਸਾਲ 2019 'ਚ ਹੁਸ਼ਿਆਰਪੁਰ 'ਚ ਇਕ ਸ਼ਰਾਬ ਕਾਰੋਬਾਰੀ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਮਾਮਲੇ 'ਚ ਲਾਰੈਂਸ ਬਿਸ਼ਨੋਈ ਖਿਲਾਫ FIR ਦਰਜ ਹੈ। ਲਾਰੈਂਸ ਗੈਂਗ ਨੇ ਸ਼ਰਾਬ ਕਾਰੋਬਾਰੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਫਿਰੌਤੀ ਨਾ ਦੇਣ ਕਾਰਨ ਸ਼ਰਾਬ ਕਾਰੋਬਾਰੀ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਸੀ।


ਦਸ ਦਈਏ ਇਸ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਲਾਰੈਂਸ ਤੋਂ ਪੁੱਛਗਿੱਛ ਕੀਤੀ ਗਈ ਸੀ। ਪੁਲਿਸ ਵੱਲੋਂ ਤਿਆਰ ਕੀਤੇ ਗਏ ਅਪਰਾਧਿਕ ਮਾਮਲਿਆਂ ਦੇ ਡੋਜ਼ੀਅਰ ਅਨੁਸਾਰ ਬਿਸ਼ਨੋਈ ਪਿਛਲੇ 12 ਸਾਲਾਂ ਵਿੱਚ 36 ਮਾਮਲਿਆਂ ਵਿੱਚ ਸ਼ਾਮਲ ਹੈ, ਗੋਲਡੀ ਬਰਾੜ ਨੂੰ ਪਿਛਲੇ 18 ਮਹੀਨਿਆਂ ਵਿੱਚ ਅੱਠ ਮਾਮਲਿਆਂ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।


ਉਸ ਵਿਰੁੱਧ ਪੰਜਾਬ, ਚੰਡੀਗੜ੍ਹ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ 36 ਅਪਰਾਧਿਕ ਮਾਮਲਿਆਂ ਵਿੱਚੋਂ 21 ਅਦਾਲਤਾਂ ਅਧੀਨ ਹਨ, ਜਦੋਂ ਕਿ ਉਸ ਨੂੰ ਨੌਂ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ ਅਤੇ ਛੇ ਕੇਸਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।


ਪੰਜਾਬ ਵਿੱਚ ਬਿਸ਼ਨੋਈ ਵਿਰੁੱਧ 17 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਉਸ ਦੇ ਗ੍ਰਹਿ ਜ਼ਿਲ੍ਹੇ ਫਾਜ਼ਿਲਕਾ ਵਿੱਚ ਛੇ, ਮੁਹਾਲੀ ਵਿੱਚ ਸੱਤ, ਫਰੀਦਕੋਟ ਵਿੱਚ ਦੋ ਅਤੇ ਅੰਮ੍ਰਿਤਸਰ ਅਤੇ ਮੁਕਤਸਰ ਵਿੱਚ ਇੱਕ-ਇੱਕ ਕੇਸ ਸ਼ਾਮਲ ਹਨ। ਰਿਕਾਰਡ ਅਨੁਸਾਰ ਉਸ ਨੇ ਚੰਡੀਗੜ੍ਹ ਵਿੱਚ ਸੱਤ, ਰਾਜਸਥਾਨ ਵਿੱਚ ਛੇ, ਦਿੱਲੀ ਵਿੱਚ ਚਾਰ ਅਤੇ ਹਰਿਆਣਾ ਵਿੱਚ ਦੋ ਕੇਸਾਂ ਦਾ ਸਾਹਮਣਾ ਕੀਤਾ ਹੈ।


ਡੇਟਾਬੇਸ ਦੇ ਅਨੁਸਾਰ, ਬਿਸ਼ਨੋਈ ਨੇ ਅਪ੍ਰੈਲ 2010 ਵਿੱਚ ਅਪਰਾਧ ਜਗਤ ਵਿੱਚ ਪ੍ਰਵੇਸ਼ ਕੀਤਾ ਸੀ ਜਦੋਂ ਚੰਡੀਗੜ੍ਹ ਅਤੇ ਮੋਹਾਲੀ ਪੁਲਿਸ ਨੇ ਉਸ ਉੱਤੇ ਕਤਲ ਦੀ ਕੋਸ਼ਿਸ਼, ਹਥਿਆਰ ਰੱਖਣ ਅਤੇ ਸੱਟ ਪਹੁੰਚਾਉਣ ਦੇ ਤਿੰਨ ਅਪਰਾਧਿਕ ਮਾਮਲਿਆਂ ਵਿੱਚ ਕੇਸ ਦਰਜ ਕੀਤਾ ਸੀ। ਚੰਡੀਗੜ੍ਹ ਪੁਲੀਸ ਵੱਲੋਂ ਅਪਰੈਲ 2010 ਵਿੱਚ ਦਰਜ ਕੀਤੇ ਦੋ ਕੇਸਾਂ ਵਿੱਚੋਂ ਜਦੋਂ ਉਹ ਬਰੀ ਹੋ ਗਿਆ ਸੀ, ਉਥੇ ਮੁਹਾਲੀ ਪੁਲੀਸ ਵੱਲੋਂ ਅਕਤੂਬਰ 2010 ਵਿੱਚ ਦਰਜ ਕੀਤੇ ਗਏ ਤੀਜੇ ਕੇਸ ਵਿੱਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।