ਲੁਧਿਆਣਾ : ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਵੱਲੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਬੇਹੱਦ ਕਰੀਬੀ ਸਾਥੀ ਨੂੰ ਪੁਲਿਸ ਦੀ ਸੀਆਈਏ-2 ਟੀਮ ਨੇ ਦੋ ਨਜਾਇਜ਼ ਪਿਸਤੌਲਾਂ, 11 ਜਿੰਦਾ ਕਾਰਤੂਸ ਅਤੇ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਉਸ ਦੀ ਪਛਾਣ ਬਲਦੇਵ ਚੌਧਰੀ (30) ਵਾਸੀ ਕਾਲੀ ਰੋਡ ਅਤੇ ਉਸ ਦੇ ਸਾਥੀ ਅੰਕਿਤ ਸ਼ਰਮਾ (29) ਵਜੋਂ ਹੋਈ ਹੈ। ਥਾਣਾ ਮੋਤੀ ਨਗਰ ਵਿੱਚ ਤਿੰਨ ਮਹੀਨੇ ਪਹਿਲਾਂ ਕੇਸ ਦਰਜ ਹੋਇਆ ਸੀ, ਜਿਸ ਵਿੱਚ ਦੋਨਾਂ ਮੁਲਜ਼ਮਾਂ ਸਮੇਤ ਕੁੱਲ 12 ਜਣੇ ਪੁਲੀਸ ਨੂੰ ਲੋੜੀਂਦੇ ਸਨ।
ਦੱਸਿਆ ਗਿਆ ਹੈ ਕਿ ਫੜੇ ਗਏ ਮੁਲਜ਼ਮਾਂ ਨੇ ਟਰਾਂਸਪੋਰਟ ਨਗਰ ਸਥਿਤ ਟਰਾਂਸਪੋਰਟਰ ਹਰਦੀਪ ਸਿੰਘ ਦੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਉਸ ’ਤੇ ਜਾਨਲੇਵਾ ਹਮਲਾ ਕੀਤਾ ਸੀ। ਐਤਵਾਰ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਕਾਲੀ ਰੋਡ ਇਲਾਕੇ 'ਚ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਅੰਕਿਤ ਸ਼ਰਮਾ ਨੂੰ ਵੀ ਘੰਟਾ ਘਰ ਨੇੜੇ ਛਾਪਾ ਮਾਰ ਕੇ ਕਾਬੂ ਕੀਤਾ ਗਿਆ। ਇਸ ਮਾਮਲੇ 'ਚ 10 ਹੋਰ ਲੋਕਾਂ ਦੀ ਗ੍ਰਿਫਤਾਰੀ ਬਾਕੀ ਹੈ।
ਇੰਸਪੈਕਟਰ ਜੁਨੇਜਾ ਨੇ ਦੱਸਿਆ ਕਿ ਨਸ਼ੇੜੀ ਅੰਕਿਤ ਸ਼ਰਮਾ ਯੂਥ ਕਾਂਗਰਸ ਦਾ ਮੁਖੀ ਰਹਿ ਚੁੱਕਿਆ ਹੈ। ਉਹ ਆਰਕੇ ਰੋਡ 'ਤੇ ਇੰਡੀਅਨ ਸਮਰ ਹੋਟਲ ਦੇ ਬਾਹਰ ਹੋਈ ਗੈਂਗਸਟਰ ਸ਼ੁਭਮ ਮੋਟਾ ਅਤੇ ਸੰਦੀਪ ਮੁੰਡੀਅਨ ਗੈਂਗ ਦੀ ਗੈਂਗ ਵਾਰ ਵਿੱਚ ਵੀ ਸ਼ਾਮਲ ਸੀ। ਉਸ ਕੇਸ ਵਿੱਚ ਉਹ 21 ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਸੀ।
ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਬਲਦੇਵ ਚੌਧਰੀ ਡੀਏਵੀ ਕਾਲਜ ਚੰਡੀਗੜ੍ਹ ਵਿੱਚ ਇਕੱਠੇ ਪੜ੍ਹੇ ਹਨ। ਪੁਲਸ ਨੂੰ ਪੱਕੀ ਜਾਣਕਾਰੀ ਹੈ ਕਿ ਉਸ ਸਮੇਂ ਤੋਂ ਦੋਵੇਂ ਲਗਾਤਾਰ ਇਕ-ਦੂਜੇ ਦੇ ਸੰਪਰਕ 'ਚ ਸਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਬਿਸ਼ਨੋਈ ਚੌਧਰੀ ਨੂੰ ਫਿਰੌਤੀ ਦੀ ਰਕਮ ਲੈਣ ਦਾ ਕੰਮ ਸੌਂਪਦਾ ਸੀ। ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਜੁਨੇਜਾ ਨੇ ਦੱਸਿਆ ਕਿ ਦੋਵਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਹਥਿਆਰ ਬਰਾਮਦ ਹੋਣ ਦੀ ਉਮੀਦ ਹੈ। ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਇਹ ਹਥਿਆਰ ਕਿੱਥੋਂ ਅਤੇ ਕਿਸ ਮਕਸਦ ਲਈ ਖਰੀਦਿਆ ਸੀ।