ਪਠਾਨਕੋਟ: ਸ਼ਹਿਰ ਦੇ ਢਾਂਗੂ ਰੋਡ ’ਤੇ ਸਥਿਤ ਯੂਨੀਅਨ ਬੈਂਕ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਖਾਤਾ ਖੋਲ੍ਹਣ ਲਈ ਆਧਾਰ ਕਾਰਡ ’ਤੇ ਨਾਮੀ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲੈ ਕੇ ਪਹੁੰਚਿਆ। ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਬੈਂਕ ਖਾਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਬੈਂਕ ਅਧਿਕਾਰੀਆਂ ਨੇ ਖਾਤਾ ਖੋਲ੍ਹਣ ਤੋਂ ਪਹਿਲਾਂ ਕੇਵਾਈਸੀ ਕਰਨਾ ਚਾਹਿਆ ਤਾਂ ਆਧਾਰ ਕਾਰਡ 'ਤੇ ਲੱਗੀ ਫੋਟੋ ਦੇਖ ਕੇ ਸ਼ੱਕ ਹੋਇਆ। ਜਿਸ ਤੋਂ ਬਾਅਦ ਬੈਂਕ ਅਧਿਕਾਰੀਆਂ ਵੱਲੋਂ ਨੌਜਵਾਨ ਨੂੰ ਉਲਝਾ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।



ਪਰ ਖਤਰੇ ਦਾ ਅੰਦਾਜ਼ਾ ਹੁੰਦੇ ਹੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਇੱਕ ਬੈਂਕ ਕਰਮਚਾਰੀ ਵੱਲੋਂ ਸਕੂਟੀ 'ਤੇ ਨੌਜਵਾਨ ਦਾ ਪਿੱਛਾ ਵੀ ਕੀਤਾ ਗਿਆ । ਪਰ, ਉਹ ਭੱਜਣ  'ਚ ਕਾਮਯਾਬ ਹੋ ਗਿਆ। ਸੂਚਨਾ ਮਿਲਣ ’ਤੇ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ।



ਉਕਤ ਨੌਜਵਾਨ ਦੀ ਬੋਲੀ ਅਤੇ ਪਹਿਰਾਵਾ ਹਰਿਆਣਵੀ ਲੱਗ ਰਿਹਾ ਸੀ। ਇਸ ਦੇ ਨਾਲ ਹੀ ਇਸ ਦੌਰਾਨ ਬੈਂਕ ਦੇ ਬਾਹਰ ਇੱਕ ਹਰਿਆਣਾ ਨੰਬਰ ਦੀ ਬਾਈਕ ਵੀ ਖੜੀ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਬੈਂਕ ਅਤੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਹੈ। ਪੁਲਸ ਉਸ ਦੀ ਫੋਟੋ 'ਤੇ ਬੈਂਕ ਖਾਤਾ ਖੋਲ੍ਹਣ ਦੇ ਮਕਸਦ ਨਾਲ ਜਾਂਚ ਕਰ ਰਹੀ ਹੈ।


ਪੁਲਿਸ ਦਾ ਕਹਿਣਾ ਹੈ ਕਿ ਆਧਾਰ ਕਾਰਡ 'ਤੇ ਛਪੀ ਫੋਟੋ ਗੋਲਡੀ ਬਰਾੜ ਦੀ ਫੋਟੋ ਨਾਲ ਮੇਲ ਖਾਂਦੀ ਹੈ ਅਤੇ ਪਤਾ ਜੋਧਪੁਰ ਲਿਖਿਆ ਹੋਇਆ ਸੀ ਹਾਲਾਂਕਿ ਉਸ  'ਤੇ ਨਾਮ ਵੀ ਮੰਗੀ ਲਾਲ ਲਿਖਿਆ ਸੀ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।