ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਮੁੜ ਭੂਚਾਲ ਆ ਗਿਆ ਹੈ। ਅਗਲੇ ਦਿਨਾਂ ਵਿੱਚ ਪਾਰਟੀ ਅੰਦਰ ਵੱਡੇ ਧਮਾਕੇ ਹੋ ਸਕਦੇ ਹਨ। ਇਸ ਵੇਲੇ ਵਿਧਾਇਕ ਸੁਖਪਾਲ ਖਹਿਰਾ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਚਰਚਾ ਵਿੱਚ ਹਨ। ਦੋਵੇਂ ਲੀਡਰ ਪਾਰਟੀ ਦੀਆਂ ਗਤੀਵਿਧੀਆਂ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। 


ਦਰਅਸਲ ਭ੍ਰਿਸ਼ਟਾਚਾਰ ਤੇ ਘਪਲੇ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਹਮਾਇਤ ’ਚ ਪੰਜਾਬ ਕਾਂਗਰਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਪਾਰਟੀ ਦੇ ਕਿਸਾਨ ਵਿੰਗ ਦੇ ਕੌਮੀ ਚੇਅਰਮੈਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਤਰਕਹੀਣ ਕਰਾਰ ਦਿੱਤਾ ਹੈ। ਖਹਿਰਾ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਖਾਤਬ ਹੁੰਦਿਆਂ ਕਿਹਾ ਹੈ ਕਿ ਪਾਰਟੀ ਨੂੰ ਕਿਸੇ ਵਿਅਕਤੀ ਵਿਸ਼ੇਸ਼ ਦੀ ਲੜਾਈ ਲੜਨ ਦੀ ਥਾਂ ਪੰਜਾਬ ਦੇ ਭਖਦੇ ਮੁੱਦਿਆਂ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। 



ਉਨ੍ਹਾਂ ਟਵੀਟ ਕਰਕੇ ਇਹ ਵੀ ਕਿਹਾ ਹੈ ਕਿ ਪਾਰਟੀ ਨੂੰ ਇਸ ਸਮੇਂ ਵਿਅਕਤੀਗਤ ਮੁੱਦਿਆਂ ’ਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਹੈ। ਖਹਿਰਾ ਦੇ ਟਵੀਟ ਨੇ ਪਾਰਟੀ ਅੰਦਰ ਭਾਰੀ ਹਲਚਲ ਪੈਦਾ ਕਰ ਦਿੱਤੀ ਹੈ। ਇਸ ਮਾਮਲੇ ’ਤੇ ਰਾਜਾ ਵੜਿੰਗ ਤੇ ਖਹਿਰਾ ਦਰਮਿਆਨ ਤਲਖੀ ਹੋਣ ਦੀਆਂ ਰਿਪੋਰਟਾਂ ਵੀ ਆ ਰਹੀਆਂ ਹਨ। ਸੂਤਰਾਂ ਮੁਤਾਬਕ ਵੜਿੰਗ ਨੇ ਇਹ ਮਾਮਲਾ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਸੀਨੀਅਰ ਆਗੂ ਏ ਵੇਣੂਗੋਪਾਲ ਦੇ ਧਿਆਨ ’ਚ ਲਿਆ ਕੇ ਖਹਿਰਾ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। 


ਮਨੀਸ਼ ਤਿਵਾੜੀ ਦੇ ਵੀ ਤਲਖ ਤੇਵਰ
ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਵੱਲੋਂ ਜਥੇਬੰਦਕ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਅਲਵਿਦਾ ਕਹਿ ਜਾਣ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਪਾਰਟੀ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਮੈਂ ਪਾਰਟੀ ਨੂੰ 42 ਸਾਲ ਦਿੱਤੇ ਹਨ। ਅਸੀਂ ਪਾਰਟੀ ਦੇ ਕਿਰਾਏਦਾਰ ਨਹੀਂ ਹਾਂ ਬਲਕਿ ਵਰਕਰ ਹਾਂ।’ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਗਤੀਵੀਧੀਆਂ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਹੈ। ਜੇਕਰ ਦਸੰਬਰ 2020 ਵਿੱਚ ਸੋਨੀਆ ਗਾਂਧੀ ਦੇ ਘਰ ਹੋਈ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੁੰਦੀ ਤਾਂ ਪਾਰਟੀ ਨੂੰ ਅੱਜ ਵਰਗੇ ਹਾਲਾਤ ਨਾ ਦੇਖਣੇ ਪੈਂਦੇ। 


ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਦੋ ਸਾਲ ਪਹਿਲਾਂ ਆਗੂਆਂ ਵਿੱਚੋਂ 23 ਜਣਿਆਂ ਨੇ ਪੱਤਰ ਲਿਖਿਆ ਸੀ ਕਿ ਪਾਰਟੀ ਦੀ ਹਾਲਤ ਚਿੰਤਾਜਨਕ ਹੈ। ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਸ ਪੱਤਰ ਤੋਂ ਬਾਅਦ ਦੇਸ਼ ਵਿੱਚ 10 ਸੂਬਿਆਂ ਵਿੱਚ ਚੋਣਾਂ ਹੋਈਆਂ, ਕਾਂਗਰਸ ਸਾਰੀਆਂ ਚੋਣਾਂ ਹਾਰ ਰਹੀ ਹੈ। ਤਿਵਾੜੀ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਕਿਸੇ ਤੋਂ ਆਪਣੇ ਕੰਮ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ।