Malerkotla: ਹਾਅ ਦਾ ਨਾਅਰਾ ਦੀ ਧਰਤੀ ਮਾਲੇਰਕੋਟਲਾ ਤੋਂ ਨਸ਼ਿਆਂ ਵਿਰੁੱਧ 'ਲੜਾਂਗੇ, ਖੇਡਾਂਗੇ ਅਤੇ ਪੜ੍ਹਾਂਗੇ’ ਅਤੇ ਲੋਕਤੰਤਰੀ ਤਿਉਹਾਰ ਵਿੱਚ 100 ਫ਼ੀਸਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਸੰਦੇਸ਼ ਨੂੰ ਪੰਜਾਬ ਦੇ ਘਰ ਘਰ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮਿੰਨੀ ਮੈਰਾਥਨ ਦੇ ਸੰਦੇਸ਼ ਨੂੰ ਆਮ ਲੋਕਾਂ ਅਤੇ ਪੰਜਾਬ ਦੇ ਘਰ ਘਰ ਤੱਕ ਪਹੁੰਚਾਉਣ ਲਈ ਕਰੀਬ 1000 ਤੋਂ  ਵੱਧ ਨੌਜਵਾਨ ਵਿਦਿਆਰਥੀਆਂ ਦਾ ਸਾਥ ਮਿਲਿਆ ।



ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਤਿੰਨ ਧੀਰੀ ਰਣਨੀਤੀ ਅਪਣਾਈ ਜਾ ਰਹੀ ਹੈ । ਇਸ ਰਣਨੀਤੀ ਦੇ ਇਕ ਹਿੱਸੇ ਤਹਿਤ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਦੀ ਤਾਕਤ ਨੂੰ ਉਸਾਰੂ ਦਿਸ਼ਾ ਵਿੱਚ ਲਗਾਇਆ ਜਾ ਸਕੇ। ਉਨ੍ਹਾਂ ਹੋਰ ਕਿਹਾ ਕਿ ਇਸ ਮੁਹਿੰਮ ਦੇ ਦੂਜੇ ਹਿੱਸੇ ਵਜੋਂ ਨੌਜਵਾਨਾਂ ਲਈ ਮੁੜ ਵਸੇਬੇ ਲਈ ਉਪਰਾਲੇ ਕਰਕੇ ਸਮਾਜ ਦੀ ਧਾਰਾ ਵਿੱਚ ਸ਼ਾਮਲ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਨਸ਼ਿਆਂ ਦੀ ਅਲਾਮਤ ਵਿਚੋਂ ਨਿਕਲ ਕੇ ਉਹ ਸਮਾਜਿਕ ਆਰਥਿਕ ਵਿਕਾਸ ਦੇ ਭਾਲੀਵਾਲ ਬਣ ਸਕਣ। ਉਨ੍ਹਾਂ ਨੌਜਵਾਨਾਂ ਨੂੰ ਸਵੀਪ ਗਤੀਵਿਧੀ ਅਧੀਨ ਵੋਟ ਦੇ ਹੱਕ,ਯੋਗ ਨੌਜਵਾਨਾਂ ਨੂੰ ਆਪਣੀ ਵੋਟ ਬਣਵਾਉਣ ਅਤੇ ਵੋਟਾਂ ਵਾਲੇ ਦਿਨ 100ਫ਼ੀਸਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਵੀ ਪ੍ਰੇਰਿਤ ਕੀਤਾ।



ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਵਿੱਢੀ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਨੂੰ ਕਰੀਬ ਪੋਣੇ ਦੋ ਸਾਲ ਪੂਰੇ ਹੋਣ ਦੇ ਨਾਲ-ਨਾਲ ਜ਼ਿਲ੍ਹਾ ਪੁਲਿਸ ਨੇ ਮਾਰਚ 2022 ਤੋਂ ਹੁਣ ਤੱਕ 688 ਵੱਡੀਆਂ/ਛੋਟੀਆਂ ਮੱਛੀਆਂ ਗ੍ਰਿਫ਼ਤਾਰ ਕਰਕੇ 460 ਮੁਕੱਦਮੇ ਦਰਜ ਕੀਤੇ ਹਨ। ਵੱਖ ਵੱਖ ਤਸਕਰਾਂ ਤੋਂ ਕਰੀਬ 24 ਲੱਖ 32 ਹਜ਼ਾਰ 100 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।


ਕਰੀਬ 06 ਨਸ਼ਾ ਤਸਕਰਾਂ ਦੀਆਂ ਕਰੀਬ 01 ਕਰੋੜ 13 ਲੱਖ 69 ਹਜ਼ਾਰ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਤਾਂ ਕਿ ਇਸ ਘਿਨਾਉਣੇ ਜੁਰਮ ਵਿੱਚ ਸ਼ਾਮਲ ਲੋਕਾਂ ਨੂੰ ਆਪਣੇ ਅਪਰਾਧਾਂ ਦੀ ਮਿਸਾਲੀ ਸਜ਼ਾ ਮਿਲੇ ਸਕੇ। ਸੁਰੱਖਿਆ ਏਜੰਸੀਆਂ ਵੱਲੋਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਲਗਾਤਾਰ ਉਪਰਾਲੇ ਜਾਰੀ ਹਨ।


ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਤਸਕਰੀ ਲਈ ਲਾਂਘਾ ਹੈ, ਅਸੀਂ ਨਸ਼ਿਆਂ ਖ਼ਿਲਾਫ਼ ਦੇਸ਼ ਦੀ ਲੜਾਈ ਲੜ ਰਹੇ ਹਾਂ। ਇਸ ਅਲਾਮਤ ਨੂੰ ਖ਼ਤਮ ਕਰਨ ਲਈ ਆਪਣੇ ਵੱਲੋਂ ਪੂਰੀ ਸ਼ਿੱਦਤ ਨਾਲ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਇਸ ਸਰਾਪ ਤੋਂ ਮੁਕਤੀ ਲਈ ਅੰਤਿਮ ਤੇ ਫੈਸਲਾਕੁੰਨ ਹੰਭਲੇ ਦਾ ਸਮਾਂ ਆ ਚੁੱਕਾ  ਹੈ। ਹੁਣ ਨਸ਼ਿਆਂ ਦੀ ਮੰਗ ਨੂੰ ਖ਼ਤਮ ਕਰਨ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਲਈ ਵੱਡਾ-ਆਕਾਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਦੀ ਕਾਮਯਾਬੀ ਲੋਕਾਂ ਦੇ ਸਹਿਯੋਗ ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੌਜਵਾਨਾਂ ਅਤੇ ਆਮ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਜਾਂ ਹੋਰ ਸੱਕੀ ਗਤੀਵਿਧੀਆਂ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਵੀ ਸਮੇਂ ਇਤਲਾਹ ਦੇ ਸਕਦੇ ਹਨ , ਉਨ੍ਹਾਂ ਦਾ ਨਾਮ ਤੇ ਵੇਰਵੇ ਗੁਪਤ ਰੱਖੇ ਜਾਣਗੇ ।
ਇਸ ਮੌਕੇ ਏ.ਆਈ.ਜੀ. ਸ੍ਰੀ ਗੌਰਵ ਧੁਰਾ, ਮੁਫ਼ਤੀ ਇਫਤਖਾਰ ਉਲ ਹਸਨ,ਐਸ.ਡੀ.ਐਮ. ਸ੍ਰੀ ਹਰਬੰਸ ਸਿੰਘ,ਐਸ.ਪੀ. ਸ੍ਰੀ ਜਗਦੀਸ਼ ਸਿੰਘ ਬਿਸ਼ਨੋਈ , ਐਸ.ਪੀ.(ਐਚ) ਸਵਰਨਜੀਤ ਕੌਰ, ਏਸ਼ੀਅਨ ਗੋਲਡ ਮੈਡਲਿਸਟ  ਤੇਜਿੰਦਰ ਸਿੰਘ ਤੂਰ, ਪਰਵੀਰ ਸਿੰਘ,ਹੌਬੀ ਧਾਲੀਵਾਲ,ਹਰਜੀਤ ਹਰਮਨ,ਸਰਦਾਰ ਅਲੀ,ਮੱਖਣਪ੍ਰੀਤ ਸਿੰਘ(ਸਿੰਗਰ), ਉਦਯੋਗਿਕ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੰਜੀਵ ਸੂਦ, ਇੰਦਰਜੀਤ ਸਿੰਘ ਮੁੰਡੇ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।