ਫਾਜ਼ਿਲਕਾ: ਪੰਜਾਬ 'ਚ ਵੀਆਈਪੀ ਕਲਚਰ ਖਤਮ ਹੋਣ ਦੇ ਭਾਵੇਂ ਸੈਂਕੜੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਖਤਮ ਹੁੰਦਾ ਕਿਤੇ ਨਜ਼ਰ ਨਹੀਂ ਆ ਰਹੇ । ਮੰਤਕੀ ਤਾਂ ਦੂਰ ਵਿਧਾਇਕਾਂ ਦੇ ਬੱਚੇ ਵੀ ਇਸ ਵੀਆਈਪੀ ਟ੍ਰੈਂਡ ਨੂੰ ਨਹੀਂ ਛੱਡ ਰਹੇ। ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਵਿਧਾਇਕ ਦਾ ਲੜਕਾ ਹੀ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆਇਆ।
ਫਾਜ਼ਿਲਕਾ ਦੇ ਸ਼ਾਸਤਰੀ ਚੌਕ 'ਚ ਲੱਗੇ ਨਾਕੇ ਕੋਲੋਂ ਇੱਕ ਨੌਜਵਾਨ ਸਕੂਟਰ 'ਤੇ ਹੂਟਰ ਲਗਾ ਕੇ ਲੰਘ ਰਿਹਾ ਸੀ ਜਿਸ ਨੂੰ ਪੁਲਿਸ ਨੇ ਰੋਕ ਲਿਆ ਅਤੇ ਪੁੱਛਗਿੱਛ ਕਰਨ 'ਤੇ ਪਤਾ ਲੱਗਿਆ ਕਿ ਇਹ ਨੌਜਵਾਨ ਬੱਲੂਆਣਾ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਦਾ ਬੇਟਾ ਸੀ ਜੋ ਕਿ ਐਕਟਿਵਾ 'ਤੇ ਹੂਟਰ ਵਜਾਉਂਦੇ ਨਾਕੇ ਤੋਂ ਬੇਖੌਫ ਲੰਘਣ ਲੱਗਿਆ ਸੀ । ਪਰ ਪੁਲਿਸ ਨੇ ਰੋਕ ਕੇ ਉਸ ਨੂੰ ਕਾਫੀ ਸੁਣਾਇਆ ਵੀ। ਪੁਲਿਸ ਨੇ ਸਖਤੀ ਤਾਂ ਦਿਖਾਈ ਤੇ ਐੱਮਐੱਲਏ ਸਾਹਬ ਨਾਲ ਗੱਲਬਾਤ ਵੀ ਕੀਤੀ ਗਈ ਪਰ ਵਿਧਾਇਕ ਦਾ ਫੋਨ 'ਤੇ ਕਹਿਣਾ ਸੀ ਕਿ ਉਹਨਾਂ ਕੋਲ ਇਹ ਸਭ ਲਈ ਟਾਈਮ ਨਹੀਂ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀਐੱਸਪੀ ਵੱਲੋਂ ਨੌਜਵਾਨ ਨੂੰ ਮਹਿਜ਼ ਵਾਰਨਿੰਗ ਦੇ ਕੇ ਉਸ ਨੂੰ ਭੇਜ ਦਿੱਤਾ ਗਿਆ।