Punjab News: ਪਟਵਾਰੀਆਂ ਦੇ ਕਿੱਸੇ ਸਦਾ ਹੀ ਮਸ਼ਹੂਰ ਰਹੇ ਹਨ। ਹੁਣ ਤਾਜ਼ਾ ਕਿੱਸਾ ਇੱਕ ਅਜਿਹੇ ਪਟਵਾਰੀ ਦਾ ਸਾਹਮਣੇ ਆਇਆ ਹੈ ਜਿਸ ਨੇ 18 ਸਾਲਾਂ ਦੀ ਨੌਕਰੀ ਦੌਰਾਨ ਹੀ ਕਰੋੜਾਂ ਦੀ ਜਾਇਦਾਦ ਬਣਾ ਲਈ ਹੈ। ਇਹ ਦਾਅਵਾ ਅਸੀਂ ਨਹੀਂ ਕਰਕੇ ਬਲਕਿ ਵਿਜੀਲੈਂਸ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ। ਉਸ ਪਟਵਾਰੀ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਕੁੱਲ 33 ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਖਰੀਦੀਆਂ ਹਨ। ਮੁਲਜ਼ਮ ਪਟਵਾਰੀ ਦੀ ਪਛਾਣ ਬਲਕਾਰ ਸਿੰਘ ਵਜੋਂ ਹੋਈ ਹੈ। ਉਹ ਤੇ ਉਸ ਦਾ ਪਰਿਵਾਰ ਕੁੱਲ 54 ਜਾਇਦਾਦਾਂ ਦੇ ਮਾਲਕ ਹਨ।



 


ਦਰਅਸਲ ਪਟਵਾਰੀ ਬਲਕਾਰ ਸਿੰਘ ਬਾਰੇ ਇਹ ਪੂਰਾ ਖੁਲਾਸਾ ਵਿਜੀਲੈਂਸ ਦੀ ਰਿਪੋਰਟ ਵਿੱਚ ਹੋਇਆ ਹੈ। ਵਿਜੀਲੈਂਸ ਰਿਪੋਰਟ ਮੁਤਾਬਕ ਬਲਕਾਰ ਸਿੰਘ 'ਤੇ ਪੈਸੇ ਤੇ ਤਾਕਤ ਦੀ ਦੁਰਵਰਤੋਂ ਕਰਕੇ ਇਹ ਧਾਂਦਲੀ ਕਰਨ ਦਾ ਇਲਜ਼ਾਮ ਹੈ। ਬਲਕਾਰ ਸਿੰਘ ਤੇ ਉਸ ਦੇ ਪਰਿਵਾਰ ਕੋਲ 55 ਏਕੜ ਜ਼ਮੀਨ ਤੇ ਕਈ ਪਲਾਟ ਹਨ। ਪਟਿਆਲਾ ਵਿੱਚ ਇੱਕ ਰਿਹਾਇਸ਼ੀ ਤੇ ਦੋ ਵਪਾਰਕ ਪਲਾਟ ਹਨ। ਮੁਲਜ਼ਮ ਪਟਵਾਰੀ ਖ਼ਿਲਾਫ਼ ਸ਼ਿਕਾਇਤਕਰਤਾ ਵੀ ਅੱਗੇ ਆਏ ਹਨ।


ਸੂਤਰਾਂ ਮੁਤਾਬਕ ਪਟਵਾਰੀ ਬਲਕਾਰ ਸਿੰਘ 'ਤੇ ਨੌਕਰੀ ਦੌਰਾਨ 54 'ਚੋਂ 33 ਜਾਇਦਾਦਾਂ ਖਰੀਦਣ ਦਾ ਇਲਜ਼ਾਮ ਹੈ। ਬਲਕਾਰ ਸਿੰਘ ਦਸੰਬਰ 2002 ਵਿੱਚ ਪਟਵਾਰੀ ਬਣਿਆ ਸੀ। ਫਿਰ ਉਸ ਨੇ 2005 ਤੋਂ 2023 ਤੱਕ ਕਈ ਜਾਇਦਾਦਾਂ ਖਰੀਦੀਆਂ। ਵਿਜੀਲੈਂਸ ਰਿਪੋਰਟ ਵਿੱਚ ਬੁਢਲਾਡਾ, ਲਹਿਰਾਗਾਗਾ ਤੇ ਮੂਨਕ ਵਿੱਚ ਖਰੀਦੀਆਂ ਜਾਇਦਾਦਾਂ ਦੇ ਰਿਕਾਰਡ ਸਾਹਮਣੇ ਆਏ ਹਨ। 


ਪਟਵਾਰੀ ਬਲਕਾਰ ਸਿੰਘ ਇਸ ਸਮੇਂ ਮਾਲ ਸਰਕਲ ਵਿੱਚ ਤਾਇਨਾਤ ਹੈ। ਵਿਜੀਲੈਂਸ ਨੇ ਉਸ ਨੂੰ ਖਨੌਰੀ ਵਿੱਚ 14 ਕਨਾਲ 11 ਮਰਲੇ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤੇ ਵਸੀਅਤ ਤਿਆਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਬਲਕਾਰ ਸਿੰਘ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਸੀ। ਦੂਜੇ ਪਾਸੇ ਮੁਲਜ਼ਮ ਬਲਕਾਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਪਟਵਾਰੀਆਂ ਵਿੱਚ ਵੀ ਰੋਸ ਹੈ। ਇਸ ਕਾਰਨ ਪਟਵਾਰੀਆਂ ਨੇ ਵਾਧੂ ਸਰਕਲਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।