ਅੰਮ੍ਰਿਤਸਰ: ਅਟਾਰੀ ਨੇੜੇ ਭਕਨਾ ਇਲਾਕੇ ਵਿੱਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਜਗਰੂਪ ਰੂਪਾ ਤੇ ਮੰਨੂ ਕੁੱਸਾ ਨੂੰ ਪੁਲਿਸ ਨੇ ਘੇਰਿਆ ਪਾਇਆ ਹੋਇਆ ਹੈ। ਦੋਵੇਂ ਸਿੱਧੂ ਮੂਸੇਵਾਲਾ ਦੇ ਕਤਲ 'ਚ ਲੋੜੀਂਦੇ ਹਨ। ਜ਼ਿਲ੍ਹੇ ਭਰ ਤੋਂ ਪੁਲਿਸ ਬੁਲਾਈ ਗਈ ਹੈ।


ਸੂਤਰਾਂ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਤੇ ਜਗਰੂਪ ਰੂਪਾ ਨੂੰ ਪੰਜਾਬ ਪੁਲਿਸ ਨੇ ਘੇਰ ਲਿਆ। ਗੈਂਗਸਟਰਾਂ ਨੇ ਬਚਣ ਲਈ ਫਾਇਰਿੰਗ ਕੀਤਾ। ਇਸ ਮਗਰੋਂ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। 


ਇਸ ਮਗਰੋਂ ਸੂਬੇ ਭਰ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਦੋਵਾਂ ਨੂੰ ਘੇਰ ਲਿਆ ਗਿਆ ਹੈ। ਇਹ ਮੁਕਾਬਲਾ ਅਟਾਰੀ ਸਰਹੱਦ ਨੂੰ ਜਾਂਦੀ ਸੜਕ 'ਤੇ ਪਿੰਡ ਭਕਨਾ ਨੇੜੇ ਹੁਸ਼ਿਆਰ ਨਗਰ 'ਚ ਹੋ ਰਿਹਾ ਹੈ। ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ਸ਼ਾਰਪ ਸ਼ੂਟਰ ਇੱਕ ਕਮਰੇ ਵਿੱਚ ਲੁਕੇ ਹੋਏ ਹਨ ਤੇ ਪੁਲਿਸ 'ਤੇ ਗੋਲੀਬਾਰੀ ਕਰ ਰਹੇ ਹਨ।


ਪੁਲਿਸ ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਏਜੀਟੀਐਫ, ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਤੇ ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਨੇ ਗੈਂਗਸਟਰਾਂ ਨੂੰ ਘੇਰ ਲਿਆ ਹੈ। ਪਹਿਲਾਂ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। 


ਪੁਲਿਸ ਸੂਤਰਾਂ ਅਨੁਸਾਰ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਇਨ੍ਹਾਂ ਦੋਵਾਂ ਕੋਲ ਹਨ। ਉਨ੍ਹਾਂ ਵੱਲੋਂ ਪੁਲਿਸ 'ਤੇ ਫਾਇਰਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਇਲਾਕੇ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਹੈ।


ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮੂਸੇਵਾਲਾ ਦਾ ਕਤਲ ਮਗਰੋਂ ਸ਼ਾਰਪ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂੰ ਕੁੱਸਾ ਪੰਜਾਬ ਵਿੱਚ ਹੀ ਘੁੰਮਦੇ ਰਹੇ। ਸੂਤਰਾਂ ਅਨੁਸਾਰ ਉਹ ਜੂਨ ਦੇ ਅੰਤ ਤੱਕ ਤਰਨ ਤਾਰਨ ਦੇ ਇੱਕ ਪਿੰਡ ਵਿੱਚ ਲੁਕੇ ਹੋਏ ਸੀ। ਰੂਪਾ ਇਸੇ ਇਲਾਕੇ ਦਾ ਵਸਨੀਕ ਹੈ। ਇੱਥੇ ਇੱਕ ਹੋਰ ਗੈਂਗਸਟਰ ਤੂਫ਼ਾਨ ਨੇ ਉਨ੍ਹਾਂ ਨੂੰ ਆਪਣੇ ਫਾਰਮ ਹਾਊਸ ਵਿੱਚ ਛੁਪਾਇਆ ਸੀ।