Punjab News: ਰੂਪਨਗਰ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਹੁਣ ਸੁਰੱਖਿਅਤ ਜ਼ੋਨ ’ਚ ਆ ਚੁੱਕਾ ਹੈ ਅਤੇ ਪਾਣੀ ਦੇ ਵਹਾਅ ਦੀ ਰਫ਼ਤਾਰ ਵੀ ਹੁਣ ਘੱਟ ਹੈ। ਜਿੰਨੇ ਵੀ ਪਿੰਡ ਪਾਣੀ ਦੇ ਮਾਰ ਹੇਠ ਆਏ ਸਨ, ਉਨ੍ਹਾਂ ਸਾਰਿਆਂ ’ਚ ਬਿਜਲੀ, ਰਾਸ਼ਨ ਅਤੇ ਪਾਣੀ ਦੀ ਸਹੂਲਤ ਪ੍ਰਭਾਵਿਤ ਲੋਕਾਂ ਤੱਕ ਲਗਾਤਾਰ ਪਹੁੰਚਾਈ ਗਈ।
ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਮੁੜ ਬਹਾਲ
ਉਨ੍ਹਾਂ ਕਿਹਾ ਲੋਕਾਂ ਨੂੰ ਸਹੂਲਤ ਦਿੰਦੇ ਹੋਏ ਪ੍ਰਭਾਵਿਤ ਪਿੰਡਾਂ ਵਿਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਮੁੜ ਬਹਾਲ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਦੇ ਲਈ ਪ੍ਰਭਾਵਿਤ ਪਿੰਡਾਂ ’ਚ ਜਾ ਕੇ ਸਿਹਤ ਵਿਭਾਗ ਵੱਲੋਂ ਮੈਡੀਕਲ ਕੈਂਪ ਵੀ ਲਗਾਤਾਰ ਲਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਮੌਕੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹਾਂ 'ਤੇ ਵਿਸ਼ਵਾਸ ਕਰਨ ਤੋਂ ਬਚੋ।
ਦਰਿਆ ਕੰਢੇ ਵੱਸਦੇ ਪਿੰਡਾਂ ਨੂੰ ਅਲਰਟ ਰਹਿਣ ਦੀ ਲੋੜ
ਉਨ੍ਹਾਂ ਨੇ ਕਿਹਾ ਕਿ ਪਰ ਨਦੀ ਅਤੇ ਦਰਿਆ ਕੰਢੇ ਵੱਸਦੇ ਪਿੰਡਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਜਾਂ ਜ਼ਮੀਨੀ ਪੱਧਰ ’ਤੇ ਤਾਇਨਾਤ ਕੀਤੇ ਕਰਮਚਾਰੀਆਂ ਦੇ ਧਿਆਨ ’ਚ ਲਿਆਂਦੀ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਨੇੜੇ ਕਿਤੇ ਵੀ ਨਦੀ, ਨਹਿਰ, ਦਰਿਆ ਹੈ ਜਾਂ ਭਾਰੀ ਬਰਸਾਤ ਹੁੰਦੀ ਹੈ, ਉਸ ਦੇ ਨੇੜੇ ਅਤੇ ਆਲੇ-ਦੁਆਲੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਦਰਿਆ ਜਾਂ ਨਦੀ ਕੰਢੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਫੋਟੋ, ਵੀਡੀਓ ਬਣਾਉਣ ਅਤੇ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਈ ਅਜਿਹਾ ਕਾਰਜ ਨਾ ਕੀਤਾ ਜਾਵੇ, ਜਿਸ ਨਾਲ ਸਾਨੂੰ ਭਵਿੱਖ ’ਚ ਕਿਸੇ ਨੁਕਸਾਨ ਜਾਂ ਮੁਸ਼ਿਕਲ ਦਾ ਸਾਹਮਣਾ ਕਰਨਾ ਪਵੇ।
ਸਥਿਤੀ ਬਿਲਕੁਲ ਕੰਟਰੋਲ ਵਿਚ ਹੈ
ਉਨ੍ਹਾਂ ਕਿਹਾ ਕਿ ਇਸ ਸਮੇਂ ਸਥਿਤੀ ਬਿਲਕੁਲ ਕੰਟਰੋਲ ਵਿਚ ਹੈ ਪਾਣੀ ਦਾ ਪੱਧਰ ਵੀ ਠੀਕ ਹੈ ਇਸ ਲਈ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀ ਹੈ, ਜਿੱਥੇ ਵੀ ਕੋਈ ਚੁਣੌਤੀਪੂਰਨ ਸਥਿਤੀ ਪੈਦਾ ਹੁੰਦੀ ਹੈ ਉਸੇ ਸਮੇਂ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਜ਼ਰੂਰ ਰਾਬਤਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹੇ ’ਚ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ।
ਡਿਪਟੀ ਕਮਿਸਨਰ ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ 22 ਨੋਡਲ ਅਫ਼ਸਰਾਂ ਨੇ 22 ਪ੍ਰਭਾਵਿਤ ਪਿੰਡਾਂ ਦੀ ਸੁਰੱਖਿਆ ਲਈ 24 ਘੰਟੇ ਡਿਊਟੀ ਨਿਭਾਈ ਹੈ। ਪ੍ਰਭਾਵਿਤ ਪਿੰਡਾਂ ’ਚ ਤਾਇਨਾਤ ਕੀਤੇ ਅਧਿਕਾਰੀ ਅਤੇ ਫੀਲਡ ਸਟਾਫ਼ ਲਗਾਤਾਰ ਰਾਹਤ ਕਾਰਜਾਂ ਵਿਚ ਲੋਕਾਂ ਦੀ ਡੱਟ ਕੇ ਮਦਦ ਕਰ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਮੁੱਢਲੀ ਸਹਾਇਤਾ ਜਾ ਹੋਰ ਲੋੜ ਲਈ ਸਬੰਧਤ ਅਫ਼ਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਸਥਿਤੀ ਨੂੰ ਮੁੜ ਬਹਾਲ ਕਰਨ ਲਈ ਨਿਰੰਤਰ ਕੰਮ ਕੀਤਾ ਜਾਵੇਗਾ।
ਜ਼ਿਲ੍ਹਾ ਵਾਸੀਆਂ ਦਾ ਕੀਤਾ ਧੰਨਵਾਦ
ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਔਖੀ ਘੜੀ ’ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਸਾਥ ਦੇਣ ਲਈ ਸਭ ਦਾ ਧੰਨਵਾਦ ਹੈ ਉਨ੍ਹਾਂ ਭਵਿੱਖ ’ਚ ਵੀ ਹਰ ਇਕ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਦੀ ਮੰਗ ਕੀਤੀ।