Punjab News: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਗਰੂਰ ਪਹੁੰਚਣ ਤੋਂ ਪਹਿਲਾਂ ਹੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹਿੰਦਰਪਾਲ ਸਿੰਘ ਭੋਲਾ ਨੇ ਅਸਤੀਫਾ ਦੇ ਦਿੱਤਾ ਹੈ। ਇਸ ਨੂੰ ਲੈ ਕੇ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਪਾਰਟੀ ਨੂੰ ਕਮਜ਼ੋਰ ਕਰਦੇ ਹਨ, ਉਹ ਪਾਰਟੀ ਤੋਂ ਬਾਹਰ ਹੀ ਹੋਣਗੇ । ਵੜਿੰਗ ਨੇ ਕਿਹਾ ਕਿ ਮਹਿੰਦਰਪਾਲ ਨੂੰ ਵੀ 6 ਸਾਲ ਲਈ ਪਾਰਟੀ ਤੋਂ ਬਾਹਰ ਕੀਤਾ ਜਾਂਦਾ ਹੈ।



ਉਨ੍ਹਾਂ ਕਿਹਾ ਕਿ ਕੁਝ ਗੰਦੀਆਂ ਮਛਲੀਆਂ ਹਨ ਜੋ ਪਾਰਟੀ ਨੂੰ ਖਰਾਬ ਕਰ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨਵਜੋਤ ਸਿੱਧੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਪ੍ਰਧਾਨ ਹੀ ਬਦਲ ਜਾਵੇ ਤਾਂ ਜ਼ਿਲ੍ਹਾ ਪ੍ਰਧਾਨ ਆਪ ਹੀ ਚਲੇ ਜਾਂਦੇ ਹਨ।

ਦੱਸ ਦਈਏ ਕਿ ਸੰਗਰੂਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਹਵਾਲਾ ਦਿੱਤਾ ਕਿ ਕਾਂਗਰਸ ਦੀਆਂ ਗਤੀਵਿਧੀਆਂ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਆ ਰਹੇ ਹਨ ਕਿ ਨਹੀਂ ਉਨ੍ਹਾਂ ਨੂੰ ਇਸ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਨੇ ਅਸਤੀਫਾ ਦੇਣਾ ਹੀ ਠੀਕ ਸਮਝਿਆ ਹੈ।
 
ਦੱਸ ਦਈਏ ਕਿ ਮਹਿੰਦਰਪਾਲ ਸਿੰਘ ਭੋਲਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਕਰੀਬੀ ਹਨ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।


ਕਾਂਗਰਸ ਦੀ ਮਜ਼ਬੂਤੀ ਲਈ ਰਾਜਾ ਵੜਿੰਗ ਦਾ ਵੱਡਾ ਐਕਸ਼ਨ: 5 ਮੀਤ ਪ੍ਰਧਾਨਾਂ ਨੂੰ ਸੌਂਪੇ ਜ਼ਿਲ੍ਹੇ


ਦੱਸ ਦਈਏ ਕਿ ਪੰਜਾਬ 'ਚ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਨੂੰ ਮਜ਼ਬੂਤ ਕਰਨ 'ਚ ਲੱਗ ਗਏ ਹਨ। ਉਨ੍ਹਾਂ ਨੇ ਅਹਿਮ ਫੈਸਲਾ ਲਿਆ ਹੈ। ਇਸ ਤਹਿਤ 5 ਉਪ ਪ੍ਰਧਾਨਾਂ ਨੂੰ ਜ਼ਿਲ੍ਹੇ ਸੌਂਪੇ ਗਏ ਹਨ। ਇਸ ਤੋਂ ਇਲਾਵਾ ਹਫ਼ਤੇ ਵਿੱਚ ਪੰਜਾਂ ਲਈ 5 ਦਿਨ ਤੈਅ ਕੀਤੇ ਗਏ ਹਨ, ਜਿਸ ਵਿੱਚ ਉਹ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿੱਚ ਬੈਠ ਕੇ ਵਰਕਰਾਂ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਪੰਜਾਬ ਵਿੱਚ ਇੰਡਸਟਰੀ, ਐਨਆਰਆਈ ਸਮੇਤ ਹੋਰ ਸੰਸਥਾਵਾਂ ਨੂੰ ਮਿਲਣ ਲਈ ਕੈਸ਼ੀਅਰ ਦੀ ਡਿਊਟੀ ਵੀ ਲਗਾਈ ਗਈ ਹੈ।

ਰਾਜਾ ਵੜਿੰਗ ਵੱਲੋਂ ਜਾਰੀ ਨਿਰਦੇਸ਼ ਮੁਤਾਬਕ ਅਰੁਣਾ ਚੌਧਰੀ ਨੂੰ ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਕਪੂਰਥਲਾ, ਮੋਹਾਲੀ ਜ਼ਿਲ੍ਹੇ ਸੌਂਪੇ ਗਏ ਹਨ। ਇਸ ਤੋਂ ਇਲਾਵਾ ਪਰਗਟ ਸਿੰਘ ਨੂੰ ਅੰਮ੍ਰਿਤਸਰ, ਪਟਿਆਲਾ, ਮਲੇਰਕੋਟਲਾ ਜ਼ਿਲ੍ਹੇ ਸੌਂਪੇ ਗਏ ਹਨ।

ਇਸੇ ਤਰ੍ਹਾਂ ਸੁੰਦਰ ਸ਼ਾਮ ਅਰੋੜਾ ਨੂੰ ਜਲੰਧਰ ਤੇ ਲੁਧਿਆਣਾ ਜਿਲ੍ਹੇ, ਕੁਸ਼ਲਦੀਪ ਸਿੰਘ ਢਿੱਲੋਂ ਨੂੰ ਬਠਿੰਡਾ, ਮੁਕਤਸਰ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ ਤੇ ਮੋਗਾ ਜਿਲ੍ਹੇ ਅਤੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਗੁਰਦਾਸਪੁਰ, ਤਰਨ ਤਾਰਨ, ਫਰੀਦਕੋਟ, ਸੰਗਰੂਰ, ਬਰਨਾਲਾ ਜ਼ਿਲ੍ਹੇ ਸੌਂਪੇ ਗਏ ਹਨ।