Punjab News: ਸੰਗਰੂਰ ਦਾ ਇੱਕ ਅਜਿਹਾ ਸਕੂਲ ਜਿੱਥੇ ਬੱਚੇ ਇਕੱਲੇ ਨਹੀਂ, ਉਨ੍ਹਾਂ ਦੇ ਪਰਿਵਾਰ ਵਾਲੇ ਵੀ ਹੱਥਾਂ ਵਿੱਚ ਡੰਡੇ ਲੈ ਕੇ ਸਕੂਲ ਆਉਂਦੇ ਹਨ, ਕਾਰਨ ਹੈ ਸਕੂਲ ਵਿੱਚ ਬਾਂਦਰਾਂ ਦੀ ਦਹਿਸ਼ਤ। 



ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਸਕੂਲ ਬਾਰੇ ਦੱਸ ਰਹੇ ਹਾਂ ਜਿੱਥੇ ਵਿਦਿਆਰਥੀਆਂ ਦੇ ਮਾਪੇ ਹੱਥਾਂ  'ਚ ਸੋਟੀਆਂ-ਡੰਡੇ ਲੈ ਕੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਹਨ। ਇਹ ਤਸਵੀਰਾਂ ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਆਲਮਪੁਰ ਦੀਆਂ ਹਨ, ਜਿੱਥੇ ਇਨ੍ਹੀਂ ਦਿਨੀਂ ਕੁਝ ਅਜਿਹੀ ਹੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ, ਸਕੂਲ 'ਚ ਇੰਨੇ ਬੱਚੇ ਨਹੀਂ ਹਨ ਜਿੰਨੇ ਉਨ੍ਹਾਂ ਦੇ ਪਰਿਵਾਰ ਹੱਥਾਂ 'ਚ ਸੋਟੀਆਂ ਲੈ ਕੇ ਵਿਦਿਆਰਥੀਆਂ ਨੂੰ ਸਕੂਲ ਛੱਡਣ ਆਉਂਦੇ ਹਨ। 



ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਇੱਥੋਂ ਤੱਕ ਕਿ ਅਧਿਆਪਕ ਵੀ ਉਨਾਂ ਸਮਾਂ ਸਕੂਲ ਅੰਦਰ ਦਾਖਲ ਨਹੀਂ ਹੁੰਦੇ ਜਿੰਨਾ ਸਮਾਂ ਪਿੰਡ ਵਾਸੀ ਲਾਠੀਆਂ ਲੈ ਕੇ ਨਹੀਂ ਆਉਂਦੇ। 


ਸਕੂਲ ਦੇ ਅੰਦਰ ਕਿਸੇ ਵੀ ਇਕੱਲੇ ਬੰਦੇ ਦੇ ਦਾਖਲ ਹੁੰਦੇ ਹੀ ਇਹ ਬਾਂਦਰ ਉਸ 'ਤੇ ਹਮਲਾ ਬੋਲ ਦਿੰਦੇ ਹਨ। ਇੱਥੋ ਤੱਕ ਕਿ ਕਈ ਵਾਰ ਚਲਦੀਆਂ ਕਲਾਸਾਂ  'ਚ ਵੀ ਇਹ ਬਾਂਦਰ ਦਾਖਲ ਹੋ ਜਾਂਦੇ ਹਨ। ਬੱਚੇ ਤਾਂ ਕੀ, ਅਧਿਆਪਕ ਵੀ ਕਲਾਸ ਤੋਂ ਬਾਹਰ ਇਕੱਲੇ ਨਹੀਂ ਜਾਂਦੇ ਹਰ ਪਲ ਉਹਨਾਂ ਨੂੰ ਡਰ ਲੱਗਦਾ ਹੈ ਕਿ ਕਿਤੇ ਕੋਈ ਬਾਂਦਰ ਦਰੱਖਤ ਤੋਂ ਉਤਰ ਕੇ ਉਹਨਾਂ  'ਤੇ ਹਮਲਾ ਨਾ ਕਰ ਦੇਵੇ। 




ਹੁਣ ਤੱਕ ਇਹ ਬਾਂਦਰ ਕਈ ਬੱਚਿਆਂ , ਪਿੰਡ ਵਾਸੀਆਂ ਤੋਂ ਲੈ ਕੇ ਅਧਿਆਪਕਾਂ ਨੂੰ ਜ਼ਖਮੀ ਕਰ ਚੁੱਕੇ ਹਨ। 1 ਦਿਨ ਪਹਿਲਾਂ ਹੀ ਇੱਕ ਸਕੂਲ ਅਧਿਆਪਕਾਂ 'ਤੇ ਹਮਲਾ ਹੋਇਆ ਸੀ । ਅਧਿਆਪਕ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ । ਇਸ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ । 


ਬੱਚਿਆਂ ਦੀ ਪੜ੍ਹਾਈ 'ਤੇ ਅਸਰ 
ਇਕੱਲੇ ਬੱਚਿਆਂ ਨੂੰ ਪਾਣੀ ਪੀਣ ਲਈ ਬਾਹਰ ਵਾਸ਼ਰੂਮ ਵੀ ਨਹੀਂ ਭੇਜਿਆ ਜਾਂਦਾ ਉਹਨਾਂ ਨੂੰ ਲਾਠੀਆਂ ਲੈ ਕੇ ਖੜ੍ਹੇ ਹੋਣਾ ਪੈਂਦਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਜਦੋਂ ਸਕੂਲ 'ਚ ਬਾਂਦਰ ਆ ਜਾਂਦੇ ਹਨ ਤਾਂ ਅਧਿਆਪਕ ਸਾਨੂੰ ਪੜ੍ਹਾਉਣਾ ਛੱਡ ਕੇ ਸਾਰੇ ਉਨ੍ਹਾਂ ਨੂੰ ਭਜਾਉਣ 'ਚ ਲੱਗ ਜਾਂਦੇ ਹਨ ਜਿਸ ਨਾਲ ਉਹਨਾਂ ਦੀ ਪੜ੍ਹਾਈ ਡਿਸਟਰਬ ਹੁੰਦੀ ਹੈ । 




ਜੰਗਲਾਤ ਮਹਿਕਮੇ ਖਿਲਾਫ ਰੋਸ 
ਪਿੰਡ ਵਾਲੇ ਕਹਿ ਰਹੇ ਹਨ ਕਿ ਜਦੋਂ ਉਹ ਇਕੱਲੇ ਬੱਚਿਆਂ ਨੂੰ ਸਕੂਲ ਛੱਡਣ ਆਉਂਦੇ ਹਨ ਤਾਂ ਇਹ ਬਾਂਦਰ ਉਹਨਾਂ ਦੇ ਘਰਾਂ 'ਚ ਦਾਖਲ ਹੋ ਜਾਂਦੇ ਹਨ। ਇੰਨਾ ਹੀ ਨਹੀਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਕਾਰਨ ਕੋਈ ਵੀ ਆਪਣੀ ਲੜਕੀ ਦਾ ਵਿਆਹ ਇਸ ਪਿੰਡ  'ਚ ਨਹੀਂ ਕਰਦਾ। ਪਿੰਡ  'ਚ 200 ਦੇ ਕਰੀਬ ਬਾਂਦਰ ਹਨ। ਜੰਗਲਾਤ ਮਹਿਕਮੇ ਵੱਲੋਂ ਇਹਨਾਂ 'ਤੇ ਕਾਬੂ ਪਾ ਕੇ ਕੋਈ ਹੱਲ ਕੱਢਣਾ ਚਾਹੀਦਾ ਹੈ। 


ਲਹਿਰਾਗਾਗਾ ਦੀ ਐਸ.ਡੀ.ਐਮ ਨਵਰੀਤ ਕੌਰ ਸੇਖੋਂ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ  'ਚ ਆਇਆ ਹੈ ਜਿਸ ਬਾਰੇ ਜੰਗਲਾਤ ਵਿਭਾਗ ਨਾਲ ਗੱਲ ਕਰਕੇ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ।