Punjab News : ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ 'ਤੇ ਤੰਜ ਕਸਿਆ ਹੈ। ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਹਾਲਾਂਕਿ ਐਸਜੀਪੀਸੀ ਦੇ ਸਾਰੇ ਮੈਂਬਰਾਂ ਨੂੰ ਪ੍ਰਧਾਨਗੀ ਦੀ ਚੋਣ ਲੜਨ ਦਾ ਅਧਿਕਾਰ ਹੈ ਪਰ ਬੀਬੀ ਜੰਗੀਰ ਕੌਰ ਨੂੰ ਮੇਰੇ ਦੋ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲਾਂ ਦੇ ਲਿਫਾਫੇ ਕਲਚਰ ਦੀ ਨਿਖੇਧੀ ਕਰਨ ਲਈ ਉਸ ਨੂੰ 25 ਸਾਲ ਕਿਉਂ ਲੱਗ ਗਏ ? ਦੂਜਾ ਕੀ ਉਹ ਐਸਜੀਪੀਸੀ ਨੂੰ ਅਸਿੱਧੇ ਤੌਰ 'ਤੇ ਉਨ੍ਹਾਂ ਨੂੰ ਸੌਂਪਣ ਲਈ ਬੀਜੇਪੀ ਦੀ ਖੇਡ ਖੇਡ ਰਹੀ ਹੈ ?
ਦਰਅਸਲ 'ਚ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਤੇ ਦਿਨੀਂ ਚੋਣ ਲੜਨ ਦੀ ਗੱਲ ਕਹੀ ਸੀ। ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਇਸ ਵਾਰ ਲਿਫਾਫਾ ਕਲਚਰ ਦੀ ਬਜਾਏ ਮੈਂਬਰਾਂ ਦੀ ਰਾਇ ਜਾਣਨੀ ਚਾਹੀਦੀ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਸੀ ਕਿ ਇਸ ਵਾਰ ਐੱਸ.ਜੀ.ਪੀ.ਸੀ. ਦਾ ਪ੍ਰਧਾਨ ਲਿਫ਼ਾਫੇ 'ਚੋਂ ਨਹੀਂ ਨਿਕਲਣਾ ਚਾਹੀਦਾ, ਸਗੋਂ ਮੈਂਬਰਾਂ ਨੂੰ ਚੋਣ ਲੜਣ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਸੀ ਕਿ ਲੋਕਾਂ 'ਚ ਚਰਚਾ ਹੈ ਕਿ ਆਖਰੀ ਸਮੇਂ 'ਤੇ ਆ ਕੇ ਲਿਫ਼ਾਫ਼ੇ 'ਚੋਂ ਪ੍ਰਧਾਨ ਕੱਢ ਲਿਆ ਜਾਂਦਾ ਹੈ। ਇਸ ਚਰਚਾ ਨੂੰ ਖ਼ਤਮ ਕਰਨ ਲਈ ਉਹ ਮੈਂਬਰਾਂ ਨੂੰ ਚੋਣ ਲੜਣ ਦਾ ਸੱਦਾ ਦੇਣ। ਇਸ ਲਈ ਹਾਊਸ ਦੇ ਮੈਂਬਰ ਜਿਸ ਨੂੰ ਚਾਹੁਣ ਪ੍ਰਧਾਨ ਚੁਣ ਲੈਣ। ਇਸ ਨਾਲ ਲੋਕਾਂ ਦੀ ਇਹ ਧਾਰਨਾ ਖ਼ਤਮ ਹੋ ਜਾਵੇਗੀ ਕਿ ਲਿਫ਼ਾਫ਼ੇ 'ਚੋਂ ਪ੍ਰਧਾਨ ਕੱਢ ਲਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪ ਵੀ ਚੋਣ ਲੜਣ ਲਈ ਤਿਆਰ ਹਨ।
ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੀ ਚੋਣ ਸਬੰਧੀ ਸਾਲਾਨਾ ਜਨਰਲ ਇਜਲਾਸ 9 ਨਵੰਬਰ ਨੂੰ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀਂ ਇਹ ਐਲਾਨ ਕੀਤਾ ਸੀ। ਜਿਸ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਅੰਤਿ੍ਰੰਗ ਕਮੇਟੀ ਮੈਂਬਰ ਚੁਣੇ ਜਾਣਗੇ।