Vigilance Bureau arrested two persons: ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਦੋ ਪ੍ਰਾਈਵੇਟ ਵਿਅਕਤੀਆਂ ਨੂੰ ਪੱਤਰਕਾਰ ਹੋਣ ਦਾ ਡਰਾਵਾ ਦੇ ਕੇ ਇੱਕ ਸਰਕਾਰੀ ਮੁਲਾਜ਼ਮ ਤੋਂ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
PSPCL ਦੇ ਜੂਨੀਅਰ ਇੰਜਨੀਅਰ ਤੋਂ 50,000 ਰੁਪਏ ਰਿਸ਼ਵਤ ਦੀ ਕੀਤੀ ਸੀ ਮੰਗ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਆਪਣੇ ਆਪ ਨੂੰ ਮੀਡੀਆ ਕਰਮੀ ਦੱਸਣ ਵਾਲੇ ਦੋ ਮੁਲਜ਼ਮਾਂ ਦੀ ਪਛਾਣ ਅੰਮ੍ਰਿਤ ਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪਥਰੇੜੀ ਅਤੇ ਜਤਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ। ਉਕਤ ਦੋਵਾਂ ਮੁਲਜ਼ਮਾਂ ਨੂੰ ਪੀ.ਐਸ.ਪੀ.ਸੀ.ਐਲ. ਦੇ ਜੂਨੀਅਰ ਇੰਜਨੀਅਰ (JE) ਸੋਮ ਨਾਥ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੀਡੀਆ ਪਲੇਟਫਾਰਮਾਂ ‘ਤੇ ਵੀਡੀਓ ਕਲਿੱਪ ਅਪਲੋਡ ਕਰਨ ਦੀ ਧਮਕੀ ਦਿੱਤੀ ਸੀ
ਉਨ੍ਹਾਂ ਅੱਗੇ ਦੱਸਿਆ ਕਿ ਉਕਤ JE ਨੇ ਐਸ.ਏ.ਐਸ.ਨਗਰ ਹੈੱਡਕੁਆਰਟਰ ਵਿਖੇ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਆਪਣੇ ਆਪ ਨੂੰ ਪੱਤਰਕਾਰ ਦੱਸ ਰਹੇ ਦੋ ਵਿਅਕਤੀਆਂ ਨੇ ਉਸ ਕੋਲੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਅਤੇ ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵੀਡੀਓ ਕਲਿੱਪ ਅਪਲੋਡ ਕਰਨ ਦੀ ਧਮਕੀ ਦਿੱਤੀ।
ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ, ਆਰਥਿਕ ਅਪਰਾਧ ਸ਼ਾਖਾ ਨੇ ਕਾਰਵਾਈ ਕਰਦਿਆਂ ਉਕਤ ਦੋਹਾਂ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਦੋਵਾਂ ਅਖੌਤੀ ਪੱਤਰਕਾਰਾਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ-1, ਥਾਣਾ ਐਸ.ਏ.ਐਸ. ਨਗਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਤਫ਼ਤੀਸ਼ ਕਰਨ, ਮੁਲਜ਼ਮਾਂ ਦੇ ਢੰਗ-ਤਰੀਕੇ ਦਾ ਪਰਦਾਫਾਸ਼ ਕਰਨ ਅਤੇ ਉਨ੍ਹਾਂ ਦੇ ਅਖੌਤੀ ਸੋਸ਼ਲ ਮੀਡੀਆ ਚੈਨਲ ਦੀ ਜਾਂਚ ਕਰਨ ਵਾਸਤੇ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲੈਣ ਲਈ ਉਨ੍ਹਾਂ ਨੂੰ ਭਲਕੇ ਸਮਰੱਥ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।