Wheat Prices: ਕਣਕ ਦੇ ਭਾਅ ਨੇ ਸ਼ਹਿਰਾਂ ਅੰਦਰ ਹਾਹਾਕਾਰ ਮਚਾ ਦਿੱਤੀ ਹੈ। ਅਚਾਨਕ ਹੀ ਕਣਕ ਦਾ ਰੇਟ 3500 ਰੁਪਏ ਪ੍ਰਤੀ ਕੁਇੰਟਲ ਨੂੰ ਛੂਹਣ ਲੱਗਿਆ ਹੈ। ਕਣਕ ਤੇ ਆਟੇ ਦੇ ਕਾਰੋਬਾਰ ਨਾਲ ਜੁੜੇ ਵਪਾਰੀਆਂ ਦਾ ਕਹਿਣਾ ਹੈ ਕਿ ਕਣਕ ਦਾ ਭਾਅ 4000 ਰੁਪਏ ਤੱਕ ਪਹੁੰਚ ਸਕਦਾ ਹੈ। ਕਣਕ ਦਾ ਭਾਅ ਵਧਣ ਨਾਲ ਆਟੇ ਤੇ ਇਸ ਤੋਂ ਬਣੀਆਂ ਚੀਜ਼ਾਂ ਦੇ ਰੇਟ ਵੀ ਵਧਣ ਲੱਗੇ ਹਨ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਕਣਕ ਦਾ ਭਾਅ ਵਧਣ ਨਾਲ ਆਮ ਲੋਕਾਂ ਉੁਪਰ ਮਹਿੰਗਾਈ ਦੀ ਮਾਰ ਪਵੇਗੀ।


ਦੱਸ ਦਈਏ ਕਿ ਪਿਛਲੇ ਸੀਜ਼ਨ ਵਿੱਚ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕੁਇੰਟਲ ਸੀ। ਭਾਵ ਕਿਸਾਨਾਂ ਨੂੰ ਕਣਕ ਦਾ ਸਰਕਾਰੀ ਰੇਟ 2275 ਰੁਪਏ ਪ੍ਰਤੀ ਕੁਇੰਟਲ ਮਿਲਿਆ ਸੀ ਪਰ ਹੁਣ ਆਮ ਲੋਕਾਂ ਨੂੰ ਕਣਕ 3500 ਰੁਪਏ ਤੱਕ ਪ੍ਰਤੀ ਕੁਇੰਟਲ ਖਰੀਦਣੀ ਪੈ ਰਹੀ ਹੈ। ਚੰਡੀਗੜ੍ਹ ਵਿੱਚ ਆਟਾ ਖਰੀਦਣ ਆਏ ਰੱਜਤ ਸ਼ਰਮਾ ਦਾ ਕਹਿਣਾ ਸੀ ਕਿ ਕਿਸਾਨ ਠੀਕ ਹੀ ਕਹਿ ਰਹੇ ਹਨ ਕਿ ਉਹ ਸਿਰਫ ਆਪਣੀ ਨਹੀਂ ਸਗੋਂ ਸਾਰੇ ਭਾਰਤੀਆਂ ਦੀ ਲੜਾਈ ਲੜ ਰਹੇ ਹਨ। ਰੱਜਤ ਦਾ ਕਹਿਣਾ ਸੀ ਕਿ ਇੰਨਾ ਮਹਿੰਗਾ ਆਟਾ ਤਾਂ ਸਾਰਾ ਬੱਜਟ ਹੀ ਵਿਗਾੜ ਦੇਵੇਗਾ।


ਹਾਸਲ ਜਾਣਕਾਰੀ ਮੁਤਾਬਕ ਇਸ ਵਾਲੇ ਆਟੇ ਦਾ ਭਾਅ 3600 ਤੋਂ 3700 ਰੁਪਏ ਪ੍ਰਤੀ ਕੁਇੰਟਲ ਹੈ। ਇਹ ਪਿਛਲੇ ਸਾਲ 2600 ਰੁਪਏ ਪ੍ਰਤੀ ਕੁਇੰਟਲ ਸੀ। ਬਾਜ਼ਾਰ ਵਿੱਚ ਕਣਕ ਦੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ। ਆਟਾ ਮਿੱਲਾਂ ਨੂੰ ਲੋੜ ਮੁਤਾਬਕ ਕਣਕ ਦੀ ਸਪਲਾਈ ਨਹੀਂ ਮਿਲ ਰਹੀ। ਕਣਕ ਦੀ ਮੰਗ ਤੇ ਸਪਲਾਈ ਵਿੱਚ ਪਾੜੇ ਨੇ ਹੀ ਓਪਨ ਮਾਰਕੀਟ ਸੇਲ ਸਕੀਮ (ਓਐਮਐਸਐਸ) ਨਿਲਾਮੀ ਦੌਰਾਨ ਔਸਤ ਕੀਮਤਾਂ ਨੂੰ 3100 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਾ ਦਿੱਤਾ ਹੈ। ਪੰਜਾਬ ਵਿੱਚ ਆਟਾ ਮਿੱਲਾਂ, ਬਰੈੱਡ ਤੇ ਬੇਕਰੀ ਯੂਨਿਟ ਪ੍ਰੋਸੈਸਿੰਗ ਲਈ ਕਣਕ ਦੀ ਪ੍ਰਾਪਤੀ ਮਹਿੰਗਾ ਸੌਦਾ ਬਣ ਗਈ ਹੈ। 



ਦਰਅਸਲ ਇਸ ਵੇਲੇ ਆਟਾ ਮਿੱਲਾਂ ਨੂੰ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਧ ਭੁਗਤਾਨ ਦੇ ਬਾਵਜੂਦ ਆਟੇ ਦੀ ਸਪਲਾਈ ਪੂਰੀ ਨਹੀਂ ਹੋ ਰਹੀ। ਵੱਡੀਆਂ ਆਟਾ ਮਿੱਲਾਂ ਆਪਣੀ ਪੂਰੀ ਸਮਰੱਥਾ ’ਤੇ ਨਹੀਂ ਚੱਲ ਰਹੀਆਂ। ਮਿੱਲ ਮਾਲਕਾਂ ਦਾ ਕਹਿਣਾ ਹੈ ਕਿ ਲੰਘੇ ਸਾਲ ਕੁੱਲ ਕਣਕ ਵਿੱਚੋਂ 95 ਫ਼ੀਸਦੀ ਤੋਂ ਵੱਧ ਕਣਕ ਦੀ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਕੀਤੀ ਗਈ ਸੀ ਤੇ ਪ੍ਰਾਈਵੇਟ ਖ਼ਰੀਦ ਘੱਟ ਰਹਿ ਗਈ ਸੀ। ਉਨ੍ਹਾਂ ਮੁਤਾਬਕ ਕਣਕ ਪ੍ਰੋਸੈਸਿੰਗ ਉਦਯੋਗ ਨੂੰ ਸੂਬੇ ਵਿੱਚ ਹਰ ਮਹੀਨੇ ਦੋ ਲੱਖ ਟਨ ਕਣਕ ਦੀ ਲੋੜ ਹੁੰਦੀ ਹੈ ਪਰ ਕਣਕ ਉਪਲਬਧ ਨਹੀਂ। 


ਉਧਰ, ਭਾਰਤੀ ਖ਼ੁਰਾਕ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਣਕ ਪ੍ਰੋਸੈਸਿੰਗ ਉਦਯੋਗ ਨੂੰ ਆਮ ਤੌਰ ’ਤੇ ਜਨਵਰੀ ਤੇ ਅਪਰੈਲ ਦੇ ਵਿਚਕਾਰ ਅਨਾਜ ਦੀ ਘਾਟ ਝੱਲਣੀ ਪੈਂਦੀ ਹੈ। ਉਹ ਮੰਗ ਤੇ ਉਪਲਬਧਤਾ ਵਿੱਚ ਅੰਤਰ ਦੇ ਆਧਾਰ ’ਤੇ ਓਐਮਐਸਐਸ ਅਧੀਨ ਕਣਕ ਜਾਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕੀਮਤਾਂ ’ਚ ਸਥਿਰਤਾ ਲਈ ਪਹਿਲਾਂ ਬਾਜ਼ਾਰ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ।