ਚੰਡੀਗੜ੍ਹ: ਸਰਕਾਰੀ ਅਫਸਰਾਂ ਨੂੰ ਸਿਆਸਤ ਦੇ ਰੰਗ ਵਿੱਚ ਰੰਗਨ ਦਾ ਚਾਅ ਚੜ੍ਹਿਆ ਹੈ। ਪਹਿਲਾਂ ਵੀ ਕਈ ਅਫਸਰ ਨੌਕਰੀਆਂ ਛੱਡ ਜਾਂ ਸੇਵਾ ਮੁਕਤ ਹੋ ਕੇ ਚੋਣਾਂ ਲੜ ਚੁੱਕੇ ਹਨ ਤੇ ਇਸ ਵਾਰੀ ਵੀ ਕਈ ਅਫਸਰਾਂ ਨੇ ਕਮਰ ਕੱਸ ਲਈ ਹੈ।

ਲੋਕ ਸਭਾ ਚੋਣਾਂ ਦਾ ਐਲਾਨ ਅੱਜ ਹੋ ਜਾਣਾ ਹੈ ਤੇ ਕਈ ਅਫਸਰ ਟਿਕਟ ਲੈਣ ਲਈ ਜ਼ੋਰ ਅਜ਼ਮਾਈ ਕਰਨ ਲੱਗ ਗਏ ਹਨ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਤੇ ਹੋਰ ਸਿਆਸੀ ਧਿਰਾਂ ਦਾ ਹਿੱਸਾ ਬਣਨ ਲਈ ਅੱਧੀ ਦਰਜਨ ਦੇ ਕਰੀਬ ਅਫਸਰਾਂ ਨੇ ਸਰਗਰਮੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। 'ਪੰਜਾਬੀ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਰਾਜ ਦੇ ਮੁੱਖ ਸੂਚਨਾ ਅਧਿਕਾਰੀ ਸਵਰਨ ਸਿੰਘ ਚੰਨੀ ਦੀ ਅੱਖ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਹਨ। ਪੀਪੀਐਸ ਅਧਿਕਾਰੀ ਹਰਮੋਹਨ ਸਿੰਘ ਸੰਧੂ ਏਆਈਜੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਦੀ ਟਿਕਟ ਹਾਸਲ ਕਰਨ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ।

ਟਰਾਂਸਪੋਰਟ ਵਿਭਾਗ ਵਿੱਚ ਡੀਟੀਓ ਵਜੋਂ ਸੇਵਾ ਨਿਭਾਅ ਚੁੱਕੇ ਕਰਨ ਸਿੰਘ ਫਤਿਹਗੜ੍ਹ ਸਹਿਬ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਦੇ ਚਾਹਵਾਨ ਹਨ। ਉਨ੍ਹਾਂ ਵੱਲੋਂ ਨੌਕਰੀ ਤੋਂ ਦਿੱਤਾ ਅਸਤੀਫਾ ਸਰਕਾਰ ਕੋਲ ਪ੍ਰਵਾਨਗੀ ਲਈ ਵਿਚਾਰ ਅਧੀਨ ਹੈ। ਸੇਵਾਮੁਕਤ ਆਈਏਐਸ ਖੁਸ਼ੀ ਰਾਮ ਨੂੰ ਬਸਪਾ ਨੇ ਉਮੀਦਵਾਰ ਐਲਾਨ ਦਿੱਤਾ ਹੈ। ਜਨਵਰੀ ’ਚ ਸੇਵਾਮੁਕਤ ਹੋਏ ਸੁੱਚਾ ਰਾਮ ਲੱਧੜ ਦੇ ਵੀ ਰਾਜਨੀਤੀ ’ਚ ਆਉਣ ਦੇ ਚਰਚੇ ਹਨ।

ਮੱਧ ਪ੍ਰਦੇਸ਼ ਕਾਡਰ ਨਾਲ ਸਬੰਧਤ ਆਈਏਐਸ ਡਾ. ਅਮਰ ਸਿੰਘ ਵੱਲੋਂ ਵਿਧਾਨ ਸਭਾ ਤੋਂ ਬਾਅਦ ਹੁਣ ਪਾਰਲੀਮਾਨੀ ਚੋਣਾਂ ਵਿੱਚ ਟਿਕਟ ਹਾਸਲ ਕਰਨ ਦਾ ਸੁਪਨਾ ਲਿਆ ਜਾਣ ਲੱਗਿਆ ਹੈ। ਉਨ੍ਹਾਂ ਨੇ ਫਤਿਹਗੜ੍ਹ ਸਾਹਿਬ ਸੰਸਦੀ ਹਲਕੇ ਤੋਂ ਕਾਫੀ ਚਿਰ ਤੋਂ ਸਰਗਰਮੀ ਵੀ ਸ਼ੁਰੂ ਕੀਤੀ ਹੋਈ ਹੈ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਇੰਜਨੀਅਰ ਮਨਮੋਹਨ ਸਿੰਘ ਵੀ ਇਸੇ ਸੰਸਦੀ ਹਲਕੇ ਤੋਂ ਟਿਕਟ ਹਾਸਲ ਕਰਨ ਦਾ ਚਾਹਵਾਨ ਹੈ।

ਕੇਂਦਰ ਸਰਕਾਰ ਵਿੱਚ ਮੰਤਰੀ ਤੇ ਰਾਜ ਸਭਾ ਮੈਂਬਰ ਹਰਦੀਪ ਪੁਰੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਸੰਸਦੀ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਏ ਜਾਣ ਦੇ ਚਰਚੇ ਹਨ। ਭਾਜਪਾ ਦੇ ਵਿਧਾਇਕ ਤੇ ਸੇਵਾਮੁਕਤ ਆਈਏਐਸ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਭਾਜਪਾ ਦੀ ਟਿਕਟ ਹਾਸਲ ਕਰਨ ਦੇ ਚਾਹਵਾਨ ਦੱਸੇ ਜਾਂਦੇ ਹਨ।