ਚੰਡੀਗੜ੍ਹ  : ਪੰਜਾਬ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਐਨਡੀਪੀਐਸ ਐਕਟ ਤਹਿਤ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਭਗੌੜੇ ਅਪਰਾਧੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ 6 ਹਫ਼ਤਿਆਂ ਦੀ ਕਾਰਵਾਈ ਦੌਰਾਨ 42 ਸਾਲਾਂ ਤੋਂ ਭਗੌੜੇ 186 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ 46 ਅਜਿਹੇ ਭਗੌੜੇ ਅਪਰਾਧੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪੁਲੀਸ ਤੋਂ ਬਚਣ ਲਈ ਦੂਜੇ ਰਾਜਾਂ ਵਿੱਚ ਸ਼ਰਨ ਲਈ ਸੀ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਭਗੌੜੇ ਅਪਰਾਧੀਆਂ ਨੂੰ ਫੜਨ ਲਈ ਛੇ ਹਫ਼ਤੇ ਪਹਿਲਾਂ ਇੱਕ ਮੁਹਿੰਮ ਚਲਾਈ ਗਈ ਸੀ। ਮੁਹਿੰਮ ਦੇ ਹਿੱਸੇ ਵਜੋਂ ਪੁਲਿਸ ਟੀਮਾਂ ਨੇ 1980 ਅਤੇ 1990 ਦੇ ਦਹਾਕੇ ਤੋਂ ਗ੍ਰਿਫਤਾਰੀ ਤੋਂ ਬਚਣ ਵਾਲੇ ਭਗੌੜਿਆਂ ਨੂੰ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ।

ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਨਵੰਬਰ 1985 ਵਿੱਚ ਭਗੌੜਾ ਐਲਾਨੇ ਗਏ ਗੁਰਦੀਪ ਸਿੰਘ ਉਰਫ਼ ਕਾਕੂ ਵਾਸੀ ਕੋਟਲਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 1988 ਤੋਂ ਭਗੌੜੇ ਅਮਰਜੀਤ ਸਿੰਘ ਨੂੰ ਫਤਿਹਗੜ੍ਹ ਸਾਹਿਬ ਪੁਲਿਸ ਨੇ ਭਗੌੜਾ ਕਰਾਰ ਦਿੱਤਾ ਸੀ ਅਤੇ 1989 ਵਿੱਚ ਮਹਿੰਦਰ ਸਿੰਘ ਵਾਸੀ ਡਬਲਖੇੜੀ ਹਰਿਆਣਾ ਨੂੰ ਸੰਗਰੂਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਤਰ੍ਹਾਂ 1990 ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ ਤਿੰਨ ਭਗੌੜੇ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।


ਵਾਅਦਾ 100 ਦਾ, ਲਿਸਟ 41 ਦੀ ਤੇ ਟੈਸਟ ਇੱਕ ਵੀ ਨਹੀਂ, 'ਆਪ' ਦੇ ਮੁਹੱਲਾ ਕਲੀਨਿਕਾਂ 'ਤੇ ਪਰਗਟ ਸਿੰਘ ਨੇ ਫਿਰ ਵਿੰਨ੍ਹਿਆ ਨਿਸ਼ਾਨਾ



ਆਈਜੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਪਿਛਲੇ ਹਫ਼ਤੇ ਦੌਰਾਨ ਐਨਡੀਪੀਐਸ ਐਕਟ ਤਹਿਤ 22 ਵਪਾਰਕ ਕੇਸਾਂ ਸਮੇਤ 251 ਕੇਸ ਦਰਜ ਕੀਤੇ ਹਨ। ਇਨ੍ਹਾਂ ਦਰਜ ਮਾਮਲਿਆਂ ਵਿੱਚ ਪੰਜਾਬ ਪੁਲੀਸ ਨੇ 335 ਨਸ਼ਾ ਤਸਕਰਾਂ ਅਤੇ ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਈਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਫੜੇ ਗਏ ਨਸ਼ਾ ਤਸਕਰਾਂ ਕੋਲੋਂ 9.76 ਕਿਲੋ ਹੈਰੋਇਨ, 8.68 ਕਿਲੋ ਅਫੀਮ, 11.56 ਕਿਲੋ ਗਾਂਜਾ, 9 ਕੁਇੰਟਲ ਭੁੱਕੀ, 49 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ 40.50 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।