ਚੰਡੀਗੜ੍ਹ: ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਦੀ ਨਿੱਕੀ ਜਿਹੀ ਭੁੱਲ ਉਸ ਲਈ ਵੱਡਾ ਤੇ ਖ਼ਤਰਨਾਕ ਅੰਜਾਮ ਬਣ ਸਕਦੀ ਹੈ। ਬਠਿੰਡਾ ਦੇ ਰਹਿਣ ਵਾਲੇ ਸਹਾਇਕ ਸਬ ਇੰਸਪੈਕਟਰ ਗੋਵਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਆਪਣਾ ਸਰਕਾਰੀ ਪਿਸਤੌਲ ਗੁਆਚਣ ਦੀ ਸ਼ਿਕਾਇਤ ਦਿੱਤੀ ਸੀ, ਪਰ ਹੁਣ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ। ਗੋਵਿੰਦਰ ਸਿੰਘ ਦੇ ਗੁੰਮ ਹੋਈ ਪਿਸਤੌਲ ਨੂੰ ਪੁਲਿਸ ਨੇ ਉਸ ਦੇ ਘਰੋਂ ਹੀ ਬਰਾਮਦ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਗੋਵਿੰਦਰ ਸਿੰਘ ਆਪਣੀ ਪਤਨੀ ਦਾ ਪਾਸਪੋਰਟ ਬਣਵਾਉਣ ਲਈ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਜ਼ 2 ਸਥਿਤ ਪਾਸਪੋਰਟ ਸੇਵਾ ਕੇਂਦਰ ਪਹੁੰਚਿਆ। ਉਸ ਨੇ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਕੇਂਦਰ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਚਾਹ ਪੀਤੀ ਤੇ ਉਸ ਕੋਲ ਆਪਣਾ ਬੈਗ ਭੁੱਲ ਗਏ, ਜਿਸ ਵਿੱਚ ਸਰਕਾਰੀ ਪਿਸਤੌਲ ਸੀ। ਪਾਸਪੋਰਟ ਕੇਂਦਰ ਤੋਂ ਬਾਹਰ ਆਉਣ 'ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਬੈਗ ਗਾਇਬ ਹੈ। ਉਹ ਤੁਰੰਤ ਲਾਗਲੇ ਸੈਕਟਰ 31 ਦੇ ਥਾਣੇ ਵਿੱਚ ਪਹੁੰਚ ਗਿਆ।

ਗੋਵਿੰਦਰ ਨੇ ਆਪਣੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ, ਪਰ ਉਨ੍ਹਾਂ ਉਸ ਨੂੰ ਗ੍ਰਿਫ਼ਤਾਰ ਕਰ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਇਸ ਦੌਰਾਨ ਪੁਲਿਸ ਨੇ ਗੋਵਿੰਦਰ ਸਿੰਘ ਦੇ ਬਠਿੰਡਾ ਸਥਿਤ ਘਰ ਦੀ ਵੀ ਤਲਾਸ਼ੀ ਲਈ ਜਿੱਥੋਂ ਉਹੀ ਪਿਸਤੌਲ ਮਿਲ ਗਿਆ, ਜਿਸ ਦੇ ਗੁੰਮ ਹੋਣ ਦੀ ਉਸ ਨੇ ਸ਼ਿਕਾਇਤ ਦਰਜ ਕਰਵਾਈ ਸੀ। ਜੱਜ ਨੇ ਸਰਕਾਰੀ ਵਕੀਲ ਨੂੰ ਥਾਣੇਦਾਰ 'ਤੇ ਕੇਸ ਹੋਣ ਦੇ ਆਧਾਰ ਬਾਰੇ ਪੁੱਛਿਆ। ਵਕੀਲ ਨੇ ਅਟਾਰਨੀ ਜਨਰਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅਦਾਲਤ ਨੂੰ ਦੱਸਿਆ ਤਾਂ ਜੱਜ ਨੇ ਏਐਸਆਈ ਗੋਵਿੰਦਰ ਸਿੰਘ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਬੁੜੈਲ ਜੇਲ੍ਹ 'ਚ ਭੇਜ ਦਿੱਤਾ।

ਏਐਸਆਈ ਗੋਵਿੰਦਰ ਸਿੰਘ ਖ਼ਿਲਾਫ਼ ਧਾਰਾ 409 ਤਹਿਤ ਕੇਸ ਦਰਜ ਕੀਤਾ ਗਿਆ ਹੈ। ਭਾਰਤੀ ਦੰਡਾਵਲੀ ਦੀ ਧਾਰਾ 409 ਦਾ ਮਤਲਬ ਸਰਕਾਰੀ ਮੁਲਾਜ਼ਮ ਵੱਲੋਂ ਭਰੋਸਾ ਤੋੜਨ ਕਰਕੇ ਸਜ਼ਾ ਦਾ ਪ੍ਰਬੰਧ ਕਰਦੀ ਹੈ, ਜਿਸ ਤਹਿਤ 10 ਸਾਲ ਤੋਂ ਲੈ ਕੇ ਉਮਰ ਕੈਦ ਤਕ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ, ਇਸ ਕੇਸ ਵਿੱਚ ਧਾਰਾ 379 (ਚੋਰੀ) ਵੀ ਦਰਜ ਹੈ, ਜੋ ਅਣਪਛਾਤੇ ਵਿਅਕਤੀ ਖ਼ਿਲਾਫ਼ ਲਾਈ ਗਈ ਹੈ।