ਕਪੂਰਥਲਾ: ਇੱਥੋਂ ਦੇ ਥਾਣਾ ਸੁਭਾਨਪੁਰ 'ਚ ਪੈਂਦੇ ਪਿੰਡ ਲੱਖਣ ਕਾ ਪੱਡਾ 'ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਢਾ ਉਰਫ਼ ਪਹਿਲਵਾਨ ਦੀ ਏਐਸਆਈ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਕਬੱਡੀ ਖਿਡਾਰੀ ਦਾ ਇੱਕ ਸਾਥੀ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਘਟਨਾ ਸਬੰਧੀ ਥਾਣਾ ਸੁਭਾਨਪੁਰ 'ਚ ਦੋ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।


ਇਸ ਘਟਨਾ 'ਚ ਗੰਭੀਰ ਪ੍ਰਦੀਪ ਸਿੰਘ ਦੇ ਬਿਆਨਾਂ ਮੁਤਾਬਕ ਵੀਰਵਾਰ ਰਾਤ ਕਰੀਬ ਸਾਢੇ ਨੌਂ ਵਜੇ ਤੋਂ ਬਾਅਦ ਉਹ ਆਪਣੇ ਦੋਸਤਾਂ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ, ਬਲਰਾਜ ਸਿੰਘ, ਗੁਰਜੀਤ ਸਿੰਘ, ਮੰਗਲ ਸਿੰਘ, ਮਨਿੰਦਰ ਸਿੰਘ ਨਾਲ ਇੰਡੇਵਰ ਗੱਡੀ 'ਚ ਪਿੰਡ ਵੱਲ ਆ ਰਹੇ ਸਨ।


ਉਨ੍ਹਾਂ ਦੀ ਗੱਡੀ ਪਿੰਡ ਵੱਲ ਮੁੜੀ ਤਾਂ ਥੋੜ੍ਹਾ ਜਿਹਾ ਅੱਗੇ ਸੜਕ ਕਿਨਾਰੇ ਇੱਕ ਕਾਰ ਖੜੀ ਸੀ। ਇਸ ਕਾਰ ਦੇ ਪਿਛਲੇ ਸ਼ੀਸ਼ੇ 'ਤੇ ਕੱਪੜੇ ਦੇ ਪਰਦੇ ਲੱਗੇ ਹਏ ਸਨ। ਉਸ ਨੇ ਦੱਸਿਆ ਕਿ ਸ਼ੱਕ ਹੋਣ 'ਤੇ ਅਸੀਂ ਆਪਣੀ ਗੱਡੀ ਉਸ ਕਾਰ ਕੋਲ ਜਾ ਕੇ ਖੜ੍ਹੀ ਕੀਤੀ ਤਾਂ ਉਨ੍ਹਾਂ ਕਾਰ ਪਿੰਡ ਵੱਲ ਭਜਾ ਲਈ। ਕਾਰ ਦਾ ਪਿੱਛਾ ਕਰਦਿਆਂ ਉਸ ਕਾਰ ਨੂੰ ਪਿੰਡ ਦੀ ਫਿਰਨੀ ਕੋਲ ਰੋਕ ਲਿਆ।


ਜ਼ਖ਼ਮੀ ਪ੍ਰਦੀਪ ਨੇ ਦੱਸਿਆ ਕਿ ਉਹ ਤੇ ਉਸ ਦਾ ਦੋਸਤ ਅਰਵਿੰਦਰਜੀਤ ਗੱਡੀ ਤੋਂ ਹੇਠਾਂ ਉੱਤਰ ਕੇ ਕਾਰ ਨੂੰ ਦੇਖਣ ਗਏ ਤਾਂ ਕਾਰ 'ਚੋਂ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਨਿਵਾਸੀ ਬਾਮੂਵਾਲ ਨਿੱਕਲਿਆ। ਉਸ ਦੇ ਹੱਥ 'ਚ ਰਿਵਾਲਵਰ ਸੀ ਤੇ ਉਸੇ ਸਮੇਂ ਉਸ ਨੇ ਬਿਨਾਂ ਕੋਈ ਗੱਲ ਕੀਤੇ ਅਰਵਿੰਦਰਜੀਤ ਸਿੰਘ 'ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਰਵਿੰਦਰਜੀਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।


ਇਹ ਵੀ ਪੜ੍ਹੋ: ਜੇਲ੍ਹ 'ਚ 77 ਕੈਦੀ ਤੇ 26 ਜੇਲ੍ਹ ਕਰਮਚਾਰੀ ਕੋਰੋਨਾ ਪੌਜ਼ੇਟਿਵ


ਇਸ ਤੋਂ ਬਾਅਦ ਅਰਵਿੰਦਰਜੀਤ ਨੂੰ ਸੁਭਾਨੁਪਰ ਦੇ ਹਸਪਤਾਲ ਲੈ ਕੇ ਗਏ ਪਰ ਹਸਪਤਾਲ ਵਾਲਿਆਂ ਨੇ ਉਸ ਨੂੰ ਦਾਖ਼ਲ ਨਹੀਂ ਕੀਤਾ। ਪ੍ਰਦੀਪ ਨੇ ਦੱਸਿਆ ਕਿ ਇਸ ਤੋਂ ਬਾਅਦ ਅਰਵਿੰਦਰਜੀਤ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਵੱਲੋਂ ਪਰਮਜੀਤ ਸਿੰਘ ਤੇ ਮੰਗੂ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਗਿਆ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ