ਚੰਡੀਗੜ੍ਹ: ਕੈਪਟਨ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਉਨ੍ਹਾਂ ਦਾ ਪੇਚਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨਾਲ ਪਿਆ ਹੈ ਜਿਨ੍ਹਾਂ ਨੇ ਵੱਡੇ ਇਲਜ਼ਾਮ ਲਾਏ ਹਨ। ਡੀਐਸਪੀ ਸੇਖੋਂ ਦਾ ਕਹਿਣਾ ਹੈ ਕਿ ਉਨ੍ਹਾਂ ਤਾਂ ਆਪਣੇ ਖ਼ਿਲਾਫ਼ ਦਰਜ ਹੋਏ ਮਾਮਲਿਆਂ ਦੀ ਸਫ਼ਾਈ ਦੇ ਦਿੱਤੀ ਸੀ, ਹੁਣ ਮੰਤਰੀ ਆਸ਼ੂ ਦੱਸਣ ਕਿ ਉਨ੍ਹਾਂ ਖ਼ਿਲਾਫ਼ ਸਾਲ 1992 ’ਚ ਅਤਿਵਾਦੀਆਂ ਨੂੰ ਪਨਾਹ ਦੇਣ ਸਬੰਧੀ ਦਰਜ ਕੇਸ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ।


ਡੀਐਸਪੀ ਨੇ ਇਲਜ਼ਾਮ ਲਾਇਆ ਕਿ 5 ਮਈ, 1992 ਨੂੰ ਲੁਧਿਆਣਾ ਦੇ ਸਰਾਭਾ ਨਗਰ ਥਾਣੇ ’ਚ ਆਸ਼ੂ ਸਮੇਤ ਪੰਜ ਲੋਕਾਂ ਖਿਲ਼ਾਫ਼ ਕੇਸ ਦਰਜ ਹੋਇਆ ਸੀ। ਉਸ ਵੇਲੇ ਐਸਐਸਪੀ ਸਿਧਾਰਥ ਚਟੋਪਾਧਿਆਏ ਸਨ। ਉਸ ਵੇਲੇ ਉਨ੍ਹਾਂ ਵੱਲੋਂ ਜਾਰੀ ਪ੍ਰੈੱਸ ਨੋਟ ’ਚ ਸਾਫ਼ ਲਿਖਿਆ ਗਿਆ ਸੀ ਕਿ ਉਹ ਰਵਿੰਦਰ ਸਿੰਘ ਤੇ ਚਰਨਜੀਤ ਸਿੰਘ ਅਤਿਵਾਦੀਆਂ ਨੂੰ ਆਪਣੀਆਂ ਡੇਅਰੀਆਂ ’ਚ ਪਨਾਹ ਦਿੰਦੇ ਸਨ।


ਸੇਖੋਂ ਨੇ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਗ੍ਰੈਂਡ ਮੈਨਰ ਹੋਮਜ਼ ਮਾਮਲੇ ’ਚ ਅਸਲ ਸੱਚਾਈ ਸਾਹਮਣੇ ਆਵੇ। ਜੇ ਇਸ ਜਾਂਚ ’ਚ ਉਨ੍ਹਾਂ ਖ਼ਿਲਾਫ਼ ਕੁਝ ਵੀ ਗਲਤ ਪਾਇਆ ਗਿਆ ਤਾਂ ਉਹ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਲਈ ਤਿਆਰ ਹਨ। ਡੀਐਸਪੀ ਸੇਖੋਂ ਅਨੁਸਾਰ ਸਾਲ 2018 ’ਚ ਉਨ੍ਹਾਂ ਨੂੰ ਤਤਕਾਲੀ ਮੰਤਰੀ ਨਵਜੋਤ ਸਿੱਧੂ ਨੇ ਗ੍ਰੈਂਡ ਮੈਨਰ ਹੋਮਜ਼ ਦੀ ਜਾਂਚ ਕਰਨ ਲਈ ਕਿਹਾ ਸੀ। ਜੁਲਾਈ 2018 ’ਚ ਸ਼ੁਰੂ ਕੀਤੀ ਗਈ ਜਾਂਚ ਦੌਰਾਨ ਮੰਤਰੀ ਦੇ ਨਜ਼ਦੀਕੀਆਂ ਦੇ ਕੁਝ ਨਾਂ ਸਾਹਮਣੇ ਆਏ।

ਫਰਵਰੀ 2019 ’ਚ ਜਾਂਚ ਪੂਰੀ ਕਰ ਕੇ ਰਿਪੋਰਟ ਭੇਜ ਦਿੱਤੀ ਗਈ। ਇਸ ਦੌਰਾਨ ਨਵਜੋਤ ਸਿੱਧੂ ਤੋਂ ਸਬੰਧਤ ਵਿਭਾਗ ਖੋਹ ਲਿਆ ਗਿਆ ਤੇ ਉਸ ਤੋਂ ਤੁਰੰਤ ਬਾਅਦ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਜਾਂਚ ਫਾਈਲ ’ਚ ਉਦੋਂ ਦੇ ਮੌਜੂਦਾ ਮੰਤਰੀ ਤੇ ਸਬੰਧਤ ਵਿਭਾਗ ਦੇ ਅਧਿਕਾਰੀ ਉਚਿਤ ਕਾਰਵਾਈ ਦੀ ਸਿਫ਼ਾਰਸ਼ ਕਰ ਚੁੱਕੇ ਸਨ, ਪਰ ਹੁਣ ਇਹ ਮਾਮਲਾ ਦੱਬ ਚੁੱਕਿਆ ਹੈ।

ਸੇਖੋਂ ਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਗੰਨਮੈਨ ਸਨ। ਇਸ ’ਚੋਂ ਦੋ ਗੰਨਮੈਨ ਸਰਕਾਰ ਨੇ ਵਾਪਸ ਲੈ ਲਏ। ਉਨ੍ਹਾਂ ਕਿਹਾ ਕਿ ਬਾਕੀ ਬਚਿਆ ਗੰਨਮੈਨ ਵੀ ਵਾਪਸ ਲੈ ਲਿਆ ਜਾਵੇ ਕਿਉਂਕਿ ਹੁਣ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਜੇ ਇਹ ਗੰਨਮੈਨ ਵੀ ਉਨ੍ਹਾਂ ਨਾਲ ਰਿਹਾ ਤਾਂ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਹ ਵੀ ਵਿਰੋਧੀਆਂ ਹੱਥੇ ਨਾ ਚੜ੍ਹ ਜਾਵੇ।