ਚੰਡੀਗੜ੍ਹ: ਮਿਥਕੇ ਕੀਤੀਆਂ ਹੱਤਿਆਵਾਂ ਸਮੇਤ ਸਾਲ 2015-17 ਦੌਰਾਨ ਸੂਬੇ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਈ ਸਨਸਨੀਖੇਜ਼ ਮਾਮਲਿਆਂ ਨੂੰ ਸੁਲਝਾਉਣ ਵਿਚ ਬੇਮਿਸਾਲ ਸੇਵਾਵਾਂ ਨਿਭਾਉਣ ਲਈ ਪੰਜਾਬ ਪੁਲਿਸ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ “ਹੋਮ ਮਨਿਸਟਰਜ਼ ਮੈਡਲ” ਲਈ ਚੋਣ ਕੀਤੀ ਗਈ ਹੈ।



ਇਸ ਸਮੇਂ ਐਸਏਐਸ ਨਗਰ ਵਿੱਚ ਡੀਐਸਪੀ ਡਿਟੈਕਟਿਵ ਅਤੇ ਵਾਧੂ ਚਾਰਜ ਸੰਗਠਿਤ ਅਪਰਾਧ ਰੋਕੂ ਯੂਨਿਟ (ਓਸੀਸੀਯੂ) ਵਜੋਂ ਤਾਇਨਾਤ ਬਰਾੜ ਨੇ ਸਰਹੱਦ ਪਾਰ ਦੇ ਅੱਤਵਾਦੀ ਮਡਿਊਲ ਬਿੱਲਾ ਮੰਡਿਆਲਾ ਦਾ ਪਰਦਾਫਾਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜਿਸ ਵਿੱਚ ਅਤਿ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਸੀ।






ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਪੁਲਿਸ ਅਧਿਕਾਰੀ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਦੀ ਗ੍ਰਿਫਤਾਰੀ ਅਤੇ ਅੰਮ੍ਰਿਤਸਰ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਰਹੱਸਮਈ ਕਤਲ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਬਰਾੜ ਨੇ ਰਾਜ ਵਿੱਚ ਕੁਝ ਗੰਨ ਹਾਊਸਾਂ ਤੋਂ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ 160 ਹਥਿਆਰਾਂ ਨੂੰ ਗੈਰਕਾਨੂੰਨੀ ਤੌਰ `ਤੇ ਡਾਇਵਰਟ ਕਰਨ ਦੇ ਇੱਕ ਰੈਕੇਟ ਦਾ ਪਰਦਾਫਾਸ਼ ਵੀ ਕੀਤਾ ਸੀ।